ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਜਥੇਦਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਦੇ ਮੁੱਦੇ ਉੱਪਰ ਪੰਥਕ ਧਿਰਾਂ ਵਿਚ ਤਕੜਾ ਘਮਸਾਨ ਮੱਚ ਗਿਆ ਹੈ। ਬੇਸ਼ਕ ਸਿੱਖ ਜਥੇਬੰਦੀਆਂ ਵਿਚਕਾਰ ਕਈ ਮਾਮਲਿਆਂ ਨੂੰ ਲੈ ਕੇ ਤਿੱਖੇ ਮਤਭੇਦ ਵੀ ਹਨ ਪਰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਖਤਮ ਕਰਨ ਲਈ ਸਾਰੀਆਂ ਧਿਰਾਂ ਮੰਗ ਕਰ ਰਹੀਆਂ ਹਨ । ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਉਪਰ ਕਮੇਟੀ ਬਣੀ ਹੈ ਤਾਂ ਇਸ ਤੋੰ ਹੀ ਮਾਮਲੇ ਦੀ ਸੰਜੀਦਗੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬੇਸ਼ੱਕ ਇਸ ਮਾਮਲੇ ਬਾਰੇ ਫੈਸਲਾ ਤਾਂ ਕੇਂਦਰ ਨੇ ਲੈਣਾ ਹੈ ਪਰ ਇਸ ਮਾਮਲੇ ਵਿੱਚ ਕੇਂਦਰ ਅਤੇ ਅਕਾਲ ਤਖਤ ਸਾਹਿਬ ਆਹਮੋ ਸਾਹਮਣੇ ਆ ਗਏ ਹਨ। ਅਕਾਲ ਤਖਤ ਸਾਹਿਬ ਦਾ ਆਦੇਸ਼ ਸਰਵਉੱਚ ਹੈ। ਇਸ ਮੁਤਾਬਕ ਹੀ ਕਾਰਵਾਈ ਲਈ ਪੰਜ ਮੈਂਬਰੀ ਕਮੇਟੀ ਬਣੀ ਹੈ। ਪਤਾ ਲੱਗਾ ਹੈ ਕਿ ਇਸ ਹਫਤੇ ਹੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਕਮੇਟੀ ਦੇ ਕਨਵੀਨਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਅਤੇ ਪੰਥਕ ਮਾਮਲਿਆਂ ਨੂੰ ਸਮਰਪਤਿ ਟਕਸਾਲੀ ਅਕਾਲੀ ਹਨ।
ਜਥੇਦਾਰ ਰਾਜੋਆਣਾ ਬਾਰੇ ਪੰਥ ਦੀਆਂ ਭਾਵਨਾਵਾਂ ਦਾ ਪਤਾ ਇਥੋਂ ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਫਾਂਸੀ ਦੀ ਸਜਾ ਉਮਰ ਕੈਦ ਵਿਚ ਤਬਦੀਲ ਕਰਨ ਬਾਰੇ ਅਪੀਲ ਵੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਹੀ ਪਾਈ ਸੀ। ਸ਼੍ਰੋਮਣੀ ਕਮੇਟੀ ਦੇ ਹਲਕਿਆਂ ਦਾ ਕਹਿਣਾ ਹੈ ਕਿ ਇਹ ਅਪੀਲ ਭਾਈ ਰਾਜੋਆਣਾ ਵਲੋਂ ਨਹੀ ਪਾਈ ਗਈ ਸੀ। ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਲਾਇਆ ਜਾਣਾ ਸੀ। ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਜਾ ਦੇ ਵਿਰੋਧ ਵਿਚ ਸਿੱਖ ਭਾਈਚਾਰੇ ਨੂੰ ਆਪਣੇ ਘਰਾਂ ਉੱਤੇ ਕੇਸਰੀ ਝੰਡੀਆਂ ਲਾਉਣ ਅਤੇ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ। ਪੰਜਾਬ ਵਿਚ ਜਬਰਦਸਤ ਬੰਦ ਹੋਇਆ। ਉਸ ਬਾਅਦ ਹੀ ਸ਼੍ਰੋਮਣੀ ਕਮੇਟੀ ਨੇ ਫਾਂਸੀ ਦੀ ਸਜਾ ਵਿਰੁੱਧ ਅਪੀਲ ਪਾਉਣ ਦਾ ਫੈਸਲਾ ਲਿਆ। ਕਿਹਾ ਜਾਂਦਾ ਹੈ ਕਿ ਕਮੇਟੀ ਫਾਂਸੀ ਦੀ ਸਜਾ ਉਮਰ ਕੈਦ ਵਿਚ ਤਬਦੀਲ ਕਰਨ ਲਈ ਪੂਰੀ ਵਾਹ ਲਾਏਗੀ ਪਰ ਅਪੀਲ ਵਾਪਸ ਨਹੀਂ ਲਏਗੀ । ਇਸ ਤਰਾਂ ਇਸ ਮਾਮਲੇ ਵਿਚ ਸਾਰੀਆਂ ਧਿਰਾਂ ਹੁਣ ਲਕੀਰ ਖਿੱਚ ਕੇ ਲੜਾਈ ਲੜ ਰਹੀਆਂ ਹਨ।
ਸੰਪਰਕ: 9814002186