ਨਿਊਜ਼ ਡੈਸਕ: ਹਮਾਸ ਅਤੇ ਇਜ਼ਰਾਇਲ ਵਿਚਾਲੇ ਡੇਢ ਮਹੀਨੇ ਤੋਂ ਵੱਧ ਚੱਲ ਰਹੀ ਜੰਗ ਤੋਂ ਬਾਅਦ ਦੋਵੇਂ ਧਿਰਾਂ ਜੰਗਬੰਦੀ ਲਈ ਰਾਜ਼ੀ ਹੋ ਗਈਆਂ ਹਨ। ਇਸ ਲੜੀ ‘ਚ ਬੁੱਧਵਾਰ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ‘ਚ ਕੇਂਦਰੀ ਕੈਬਨਿਟ ਨੇ ਹਮਾਸ ਨਾਲ ਜੰਗਬੰਦੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹਮਾਸ ਅਤੇ ਇਜ਼ਰਾਇਲ ਵਿਚਾਲੇ ਬੰਧਕਾਂ ਦੀ ਰਿਹਾਈ ਅਤੇ ਜੰਗਬੰਦੀ ਨੂੰ ਲੈ ਕੇ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ।ਇਜ਼ਰਾਇਲ ਦੀ ਕੈਬਨਿਟ ਨੇ 50 ਬੰਧਕਾਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੜਾਈ ਵਿੱਚ ਚਾਰ ਦਿਨਾਂ ਦੇ ਵਿਰਾਮ ਦੌਰਾਨ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਇਸ ਸਮਝੌਤੇ ਦੇ ਤਹਿਤ, ਦਸ ਬੰਧਕਾਂ ਦੀ ਰਿਹਾਈ ‘ਤੇ ਜੰਗਬੰਦੀ ਨੂੰ ਇੱਕ ਹੋਰ ਦਿਨ ਲਈ ਵਧਾ ਦਿੱਤਾ ਜਾਵੇਗਾ। ਇਜ਼ਰਾਇਲ ਦੀ ਕੈਬਨਿਟ ਨੇ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ ਲੰਬੀ ਮੀਟਿੰਗ ਤੋਂ ਬਾਅਦ ਇਸ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਹੈ। ਕੈਬਨਿਟ ਮੀਟਿੰਗ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਬੰਧਕਾਂ ਦੀ ਰਿਹਾਈ ਲਈ ਸਮਝੌਤੇ ਤੋਂ ਬਾਅਦ ਵੀ ਹਮਾਸ ਨਾਲ ਜੰਗ ਜਾਰੀ ਰਹੇਗੀ। ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਇਲ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 1200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ ਅਤੇ 200 ਤੋਂ ਵੱਧ ਨੂੰ ਬੰਧਕ ਬਣਾ ਲਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।