ਰਿਸ਼ਵਤ ਲੈਂਦਾ ਬਿਜਲੀ ਮੁਲਾਜ਼ਮ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

Global Team
2 Min Read

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੀ.ਐਸ.ਪੀ.ਸੀ.ਐਲ. ਦਫਤਰ ਪਟਿਆਲਾ ਵਿਖੇ ਤਾਇਨਾਤ ਕੰਪਲੈਂਟ ਹੈਂਡਲਿੰਗ ਬੁਆਏ (ਸੀ.ਐਚ.ਬੀ.) ਕੁਲਵੰਤ ਸਿੰਘ ਨੂੰ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬਿਜਲੀ ਮੁਲਾਜ਼ਮ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਲਰ ਦੇ ਵਸਨੀਕ ਜਸਵੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਜੂਨੀਅਰ ਇੰਜੀਨੀਅਰ ਦਵਿੰਦਰ ਸਿੰਘ ਅਤੇ ਉਕਤ ਸੀ.ਐਚ.ਬੀ. ਕੁਲਵੰਤ ਸਿੰਘ ਉਸਨੂੰ ਘਰੇਲੂ ਬਿਜਲੀ ਦਾ ਲੋਡ ਪ੍ਰਵਾਨਿਤ ਸੀਮਾ ਤੋਂ ਵੱਧ ਹੋਣ ਸਬੰਧੀ ਧਮਕਾ ਰਹੇ ਹਨ ਅਤੇ ਇਸ ਸਬੰਧੀ ਜੁਰਮਾਨੇ ਤੋਂ ਬਚਣ ਲਈ 8,000 ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਦਵਿੰਦਰ ਸਿੰਘ ਜੇ.ਈ. ਅਤੇ ਕੁਲਵੰਤ ਸਿੰਘ ਸੀ.ਐਚ.ਬੀ. ਦੇ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਸਹਿ ਦੋਸ਼ੀ ਜੇ.ਈ. ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਅਗਰੇਲੀ ਕਾਰਵਾਈ ਜਾਰੀ ਹੈ।

Share This Article
Leave a Comment