ਰੂਪਨਗਰ: ਰੂਪਨਗਰ ਵਿੱਚ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਗਰਮਾ ਗਿਆ ਹੈ। ਹੁਣ ਇਸ ਘਟਨਾ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਨੋਟ ਵਿੱਚ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਾਇਕ ਪ੍ਰੋਫੈਸਰ ਬਲਜਿੰਦਰ ਕੌਰ ਖ਼ੁਦਕੁਸ਼ੀ ਮਾਮਲੇ ‘ਚ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਤੇ ਝੰਜੋੜ ਦੇਣ ਵਾਲੀ ਹੈ। ਉਨ੍ਹਾਂ ਲੜਕੀ ਦੀ ਖ਼ੁਦਕੁਸ਼ੀ ਲਈ ਮਾਹੌਲ ਤਿਆਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੇਂ ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀ ਅਤੇ ਨਾ ਹੀ ਸਿੱਖ ਸਿਧਾਂਤ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਫਿਰ ਵੀ ਲੜਕੀ ਦੇ ਆਤਮਹੱਤਿਆ ਮਾਮਲੇ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੂਬਾ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਜੇ ਸਰਕਾਰ ਆਪਣੇ ਲੋਕਾਂ ਨੂੰ ਸਸਤੀ ਤੇ ਚੰਗੀ ਸਿਹਤ ਸਹੂਲਤ ਨਹੀ ਦੇ ਸਕਦੀ, ਸੂਬੇ ਦੇ ਬੱਚਿਆਂ ਨੂੰ ਚੰਗੀ ਅਤੇ ਸਸਤੀ ਵਿੱਦਿਆ ਉਪਲੱਬਧ ਨਹੀ ਕਰਵਾ ਸਕਦੀ, ਸੂਬੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ’ਚ ਫੇਲ੍ਹ ਹੋ ਜਾਂਦੀ ਹੈ, ਚੋਰੀਆਂ ਚਕਾਰੀਆਂ ਤੇ ਕਤਲੋਗਾਰਤ ਵਧ ਜਾਂਦੀ ਹੈ, ਨੌਜਵਾਨ ਰੁਜ਼ਗਾਰ ਨਾ ਮਿਲਣ ਕਰਕੇ ਆਤਮਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਹੈ ਅਤੇ ਅਜਿਹੀਆਂ ਸਰਕਾਰਾਂ ਆਪਣਾ ਜਨ ਆਧਾਰ ਗੁਆ ਲੈਂਦੀਆਂ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਆਪਣੇ ਹੱਕਾਂ ਲਈ ਜ਼ੁਲਮ ਦੇ ਖ਼ਿਲਾਫ਼ ਲੜਨਾ ਸਿਖਾਇਆ ਹੈ ਤੇ ਬੇਇਨਸਾਫ਼ੀ ਖ਼ਿਲਾਫ਼ ਸਾਰੇ ਸਮਾਜ ਨੂੰ ਇੱਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਅੱਜ ਵੱਡੀ ਗਿਣਤੀ ਨੌਜਵਾਨ ਪਰਵਾਸ ਕਰਕੇ ਵਿਦੇਸ਼ ਜਾ ਰਹੇ ਹਨ ਤੇ ਅਜਿਹੀਆ ਘਟਨਾਵਾਂ ਨੌਜਵਾਨਾਂ ਨੂੰ ਹੋਰ ਵੀ ਨਿਰਉਤਸ਼ਾਹਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਪਰਵਾਸ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.