ਚੰਡੀਗੜ੍ਹ: CM ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ‘ਤੇ ਸ਼੍ਰੀਹਰਿਕੋਟਾ ਤੋਂ ਵਾਪਿਸ ਪਰਤੇ 30 ਬੱਚਿਆਂ ਨਾਲ ਗੱਲਬਾਤ ਕੀਤੀ । ਭਾਰਤੀ ਪੁਲਾੜ ਅਤੇ ਖੋਜ ਸੰਸਥਾ ਕੇਂਦਰ, ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਨੂੰ ਦੇਖਣ ਦੇ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੰਜਾਬ ਮੁਫ਼ਤ ਟੂਰ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੌਕੇ CM ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 23 ਜੁਲਾਈ ਨੂੰ ਸਿੰਗਾਪੁਰ ਵਿਖੇ ਪ੍ਰਿੰਸੀਪਲਾਂ ਦੇ 2 ਹੋਰ ਬੈਚ ਟ੍ਰੇਨਿੰਗ ਲਈ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸਰੋ ਪੰਜਾਬ ਵਿਚ ਅਪਣਾ ਸਪੇਸ ਮਿਊਜ਼ੀਅਮ ਬਣਾਉਣ ਬਾਰੇ ਸੋਚ ਰਿਹਾ ਹੈ। ਇਸਰੋ ਦੀਆਂ 13 ਹੋਰ ਸੈਟੇਲਾਈਟਸ ਲਾਂਚ ਹੋਣਗੀਆਂ ਜਿਹਨਾਂ ਦੀ ਲਾਂਚਿੰਗ ਪੰਜਾਬ ਦੇ ਹੋਰ ਵਿਦਿਆਰਥੀ ਵੀ ਦੇਖਣਗੇ। ਦਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕੁੱਲ 30 ਬੱਚੇ ਸ਼੍ਰੀਹਰਿਕੋਟਾ ਵਿਚ ਚੰਦਰਯਾਨ-3 ਦੀ ਲਾਂਚਿੰਗ ਵੇਖਣ ਗਏ ਸਨ, ਇਨ੍ਹਾਂ ਵਿਚ 15 ਕੁੜੀਆਂ ਅਤੇ 15 ਮੁੰਡੇ ਸਨ।
CM ਮਾਨ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਤਾਰੀਫ਼ ਵੀ ਕੀਤੀ। ਉਹਨਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਵਿਚੋਂ ਕੁੱਝ ਬੱਚੇ ਅਜਿਹੇ ਹਨ ਜਿਹਨਾਂ ਨੇ ਪ੍ਰਾਈਵੇਟ ਸਕੂਲ ਵਿਚੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਲਿਆ ਹੈ ਤੇ 3 ਬੱਚੇ ਅਜਿਹੇ ਹਨ ਜੋ 12ਵੀਂ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦੇ ਸੀ ਤੇ ਹੁਣ ਉਹਨਾਂ ਨੇ ਅਪਣਾ ਇਰਾਦਾ ਬਦਲ ਲਿਆ ਹੈ।