ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਆਮ ਲੋਕਾਂ ਦੀ ਜੇਬ ਉਤੇ ਡਾਕਾ ਮਾਰਿਆ: ਬਲਬੀਰ ਸਿੱਧੂ

Global Team
2 Min Read

ਐਸ.ਏ.ਐਸ. ਨਗਰ: ਪੰਜਾਬ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਉੱਤੇ ਲਗਦੇ ਵੈਟ ਵਿਚ ਵਾਧਾ ਕਰਨ ਨਾਲ ਵਧੀਆਂ ਕੀਮਤਾਂ ਨੂੰ ਆਮ ਲੋਕਾਂ ਦੀਆਂ ਜੇਬਾਂ ਉਤੇ ਮਾਰਿਆ ਗਿਆ ਡਾਕਾ ਕਰਾਰ ਦਿੰਦਿਆਂ, ਸੀਨੀਅਰ ਭਾਜਪਾ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਨਾਲ ਸਾਧਾਰਣ ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦਾ ਬਜਟ ਹਿੱਲ ਜਾਵੇਗਾ।

ਸ਼੍ਰੀ ਸਿੱਧੂ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਕੀਤੇ ਵਾਧੇ ਨੇ ਇਹ ਸਿੱਧ ਕਰ ਦਿਤਾ ਹੈ ਕਿ ਸਰਕਾਰ ਵਲੋਂ ਹਰ ਤਿਮਾਹੀ ਤੋਂ ਬਾਅਦ ਸਰਕਾਰ ਦੀ ਆਮਦਨ ਵਿਚ ਹੋ ਰਹੇ ਵਾਧੇ ਦੇ ਕੀਤੇ ਜਾਂਦੇ ਰਹੇ ਦਾਅਵੇ ਦਰਅਸਲ ਫੋਕੇ ਦਮਗੱਜੇ ਹੀ ਸਨ। ਉਹਨਾਂ ਕਿਹਾ ਕਿ ਅਸਲ ਵਿਚ ਸਰਕਾਰ ਵਲੋਂ ਫੋਕੀ ਇਸ਼ਤਿਹਾਰਬਾਜ਼ੀ ਉਤੇ ਰੋੜੇ ਜਾ ਰਹੇ ਸੈਂਕੜੇ ਕਰੋੜ ਰੁਪਏ ਨੇ ਸਰਕਾਰ ਦਾ ਸਾਰਾ ਹਿਸਾਬ-ਕਿਤਾਬ ਹਿਲਾ ਕੇ ਰੱਖ ਦਿੱਤਾ ਹੈ, ਇਸ ਲਈ ਹੀ ਉਸ ਨੂੰ ਡੀਜ਼ਲ ਅਤੇ ਪੈਟਰੋਲ ਉਤੇ ਵੈਟ ਵਧਾ ਦਿਤਾ ਹੈ। ਸ਼੍ਰੀ ਸਿੱਧੂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਇਕ ਹੱਥ ਨਾਲ ਦਿੱਤੀ ਗਈ ਰਾਹਤ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਦੂਜੇ ਹੱਥ ਨਾਲ ਵਾਪਸ ਲੈ ਲਈ ਹੈ।

ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਵਿਚ ਹੋਏ ਵਾਧੇ ਦਾ ਸਮਾਜ ਦੇ ਹਰ ਵਰਗ ਉਤੇ ਵਿਤੀ ਬੋਝ ਵਧੇਗਾ। ਉਹਨਾਂ ਕਿਹਾ ਕਿ ਡੀਜ਼ਲ ਦੇ ਭਾਅ ਵਿਚ ਹੋਏ ਵਾਧੇ ਨਾਲ ਜਿਥੇ ਕਿਸਾਨਾਂ ਨੂੰ ਝੋਨਾ ਪਾਲਣ ਉਤੇ ਵੱਧ ਖਰਚਾ ਕਰਨਾ ਪਵੇਗਾ ਉਥੇ ਢੋਆ-ਢੁਆਈ ਮਹਿੰਗੀ ਹੋਵੇਗੀ ਜਿਸ ਨਾਲ ਹੋਰਨਾਂ ਵਸਤਾਂ ਦੇ ਭਾਅ ਵੀ ਵਧਣਗੇ। ਸ਼੍ਰੀ ਸਿੱਧੂ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਹਰ ਪਰਿਵਾਰ ਉਤੇ ਬੋਝ ਪਵੇਗਾ ਕਿਉਂਕਿ ਵਿਜ ਹਰ ਘਰ ਵਿਚ ਕਾਰ, ਮੋਟਰ ਸਈਕਲ ਜਾਂ ਸਕੂਟਰ ਵਰਤਿਆ ਜਾਂਦਾ ਹੈ।

ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬਜਟ ਪੇਸ਼ ਕਰਨ ਸਮੇਂ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਉਤੇ ਕੋਈ ਨਵਾਂ ਟੈਕਸ ਨਹੀਂ ਲੱਗੇਗਾ, ਪਰ ਸਰਕਾਰ ਨੇ ਤੇਲ ਕੀਮਤਾਂ ੳਤੇ ਵੈਟ ਵਿਚ ਵਾਧਾ ਇਕ ਵਾਰੀ ਫਰਵਰੀ ਵਿਚ ਬਜਟ ਤੋਂ ਪਹਿਲਾਂ ਕੀਤਾ ਗਿਆ ਸੀ ਅਤੇ ਹੁਣ ਬਜਟ ਤੋਂ ਬਾਅਦ ਇਕ ਵਾਰੀ ਫਿਰ ਵਾਧਾ ਕਰ ਕੇ ਲੋਕਾਂ ਉਤੇ ਟੈਕਸਾਂ ਦਾ ਬੋਝ ਵਧਾ ਦਿਤਾ ਗਿਆ ਹੈ।

Share This Article
Leave a Comment