ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ: ਬਿਜਲੀ ਮੰਤਰੀ

Global Team
3 Min Read

ਚੰਡੀਗੜ੍ਹ/ ਲੁਧਿਆਣਾ: ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪਿੰਡ ਬਰਮੀ ਵਿਖੇ 66 ਕੇਵੀ ਬਿਜਲੀ ਸਬਸਟੇਸ਼ਨ ਦਾ ਉਦਘਾਟਨ ਕਰਨ ਤੋਂ ਇਲਾਵਾ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਤੇ 10.6 ਕਿਲੋਮੀਟਰ ਲਾਈਨ ਲੋਕਾਂ ਨੂੰ ਸਮਰਪਿਤ ਕੀਤੀ।

ਇਸ ਦੌਰਾਨ ਹਰਭਜਨ ਸਿੰਘ ਈ.ਟੀ.ਓ. ਨਾਲ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐਸ.ਪੀ.ਸੀ.ਐਲ. ਇੰਜ ਡੀਪੀਐਸ ਗਰੇਵਾਲ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਸੈਂਟਰਲ ਜ਼ੋਨ (ਪੀਐਸਪੀਸੀਐਲ), ਇੰਜ ਐਸ.ਆਰ. ਵਸ਼ਿਸ਼ਟ, ਚੀਫ ਇੰਜੀਨੀਅਰ ਟਰਾਂਸਮਿਸ਼ਨ ਲਾਈਨ ਇੰਜ ਇੰਦਰਜੀਤ ਸਿੰਘ ਅਤੇ ਐਸ ਈ ਸਬ-ਅਰਬਨ ਲੁਧਿਆਣਾ ਇੰਜ ਜਗਦੇਵ ਹੰਸ ਵੀ ਮੌਜੂਦ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਨਵੇਂ 66 ਕੇਵੀ ਸਬ ਸਟੇਸ਼ਨ ਗਿੱਦੜਵਿੰਡੀ ਲਈ ਇੱਕ ਨਵਾਂ 12.5 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਸਬ ਸਟੇਸ਼ਨ ਲਈ ਇੱਕ ਨਵੀਂ 6.5 ਕਿਲੋਮੀਟਰ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 409.47 ਲੱਖ ਰੁਪਏ ਰਹੀ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਬ ਸਟੇਸ਼ਨ 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਅਤੇ 66 ਕੇਵੀ ਸਬਸਟੇਸ਼ਨ ਕਿਸ਼ਨਪੁਰਾ ਦਾ ਲੋਡ ਘਟਾਉਣ ਵਿੱਚ ਸਹਾਈ ਹੋਵੇਗਾ। ਜਿਸ ਨਾਲ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਮਲਸੀਆਂ ਬਾਜਨ, ਸੋਢੀਵਾਲ, ਜਨੇਤਪੁਰਾ, ਸ਼ੇਰੇਵਾਲ, ਕੰਨੀਆਂ ਹੁਸੈਨੀ, ਪਰਜੀਆਂ, ਬਹਾਦਰਕੇ ਅਤੇ ਸਫੀਪੁਰਾ ਸਮੇਤ ਕਈ ਹੋਰ ਪਿੰਡਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਹੋਵੇਗਾ।

ਇਸ ਤੋਂ ਇਲਾਵਾ, 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਨੂੰ ਸਿੰਗਲ ਸੋਰਸ – 220 ਕੇਵੀ ਸਬਸਟੇਸ਼ਨ ਜਗਰਾਉਂ ਦੁਆਰਾ ਬਿਜਲੀ ਸਪਲਾਈ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਵੱਲੋਂ 244.5 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੀਂ 10.6 ਕਿਲੋਮੀਟਰ ਲੰਬੀ 66 ਕੇਵੀ ਸਿੱਧਵਾਂ ਬੇਟ-ਭੂੰਦੜੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਹੁਣ, ਇਹ ਨਵਾਂ 66ਕੇਵੀ ਲਿੰਕ ਸਬਸਟੇਸ਼ਨ ਸਿੱਧਵਾਂ ਬੇਟ ਲਈ ਬੈਕਅੱਪ ਸਪਲਾਈ ਵਜੋਂ ਕੰਮ ਕਰੇਗਾ। ਜਿਸ ਨਾਲ ਸਬ ਸਟੇਸ਼ਨ ਸਿੱਧਵਾਂ ਬੇਟ ਦੀ ਬਿਜਲੀ ਸਪਲਾਈ 220 ਕੇਵੀ ਸਬ ਸਟੇਸ਼ਨ ਜਗਰਾਓਂ ਤੋਂ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਵੀ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤਰ੍ਹਾਂ ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।

Share This Article
Leave a Comment