ਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ ‘ਤੇ ਗਾਇਆ ਗੀਤ ਲਾਂਚ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਉੱਘੇ ਕਲਾਕਾਰਾਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ ‘ਤੇ ਗਾਇਆ ਗੀਤ ਲਾਂਚ ਕੀਤਾ। ਇਹ ਗੀਤ ਰਿਲੀਜ਼ ਕਰਨਾ ਸਰਕਾਰ ਦੀ ਚੱਲ ਰਹੀ ‘ਈਟ ਰਾਈਟ’ ਮੁਹਿੰਮ ਦਾ ਹਿੱਸਾ ਸੀ, ਜੋ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਚਲਾਈ ਜਾ ਰਹੀ ਹੈ।

ਇੱਥੇ ਪੰਜਾਬ ਭਵਨ ਵਿਖੇ ਕਰਵਾਏ ਗੀਤ ਲਾਂਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਡ-ਡੇ-ਮੀਲ ਅਤੇ ਹਸਪਤਾਲ ਦੀਆਂ ਖੁਰਾਕਾਂ ਵਿੱਚ ਮਿਲੇਟਸ (ਮੋਟਾ ਅਨਾਜ ਜਿਵੇਂ ਬਾਜਰਾ, ਜਵਾਰ, ਕੰਗਨੀ, ਕੋਦਰਾ) ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ।

ਡਾ. ਬਲਬੀਰ ਸਿੰਘ, ਜੋ ਪ੍ਰੀਵੈਂਟਿਵ ਹੈਲਥ ਦੇ ਹੱਕ ਵਿੱਚ ਹਨ, ਨੇ ਕਿਹਾ ਕਿ ਮੋਟਾ ਅਨਾਜ ਖਾਣਾ ਨਾ ਸਿਰਫ ਸਾਡੇ ਲਈ ਇੱਕ ਚੰਗਾ ਵਿਕਲਪ ਹੈ, ਸਗੋਂ ਇਹ ਵਾਤਾਵਰਣ ਅਨੁਕੂਲ ਵੀ ਹੈ, ਇਸ ਲਈ ਮੋਟੇ ਅਨਾਜ ਨੂੰ ਖੁਰਾਕ ਦਾ ਹਿੱਸਾ ਬਣਾਉਣ ਲਈ ਜਾਗਰੂਕਤਾ ਦੀ ਲੋੜ ਹੈ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸਾਲ 2023 ਨੂੰ ਈਯਰ ਆਫ਼ ਦੀ ਮਿਲੇਟਸ ਘੋਸ਼ਿਤ ਕੀਤਾ ਹੈ।

ਉਨ੍ਹਾਂ ਸਿਹਤ ਵਿਭਾਗ ਦੀ ਇਸ ਵਿਲੱਖਣ ਜਾਗਰੂਕਤਾ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜ਼ਰੀਏ ਲੱਖਾਂ ਲੋਕ ਮੋਟੇ ਅਨਾਜ ਦੇ ਫਾਇਦਿਆਂ ਬਾਰੇ ਜਾਣੂੰ ਹੋਣਗੇ।

ਉਨ੍ਹਾਂ ਨੇ ਗੀਤ ਵਿੱਚ ਕੰਮ ਕਰਨ ਵਾਲੇ ਸਾਰੇ ਟੀਮ ਮੈਂਬਰਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਵਿੱਚ ਨਾਮਵਰ ਕਲਾਕਾਰ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਗੀਤਕਾਰ ਡਾ. ਕੇਵਲ ਅਰੋੜਾ, ਨਿਰਦੇਸ਼ਕ ਨੀਰ ਸਿੰਘ ਢਿੱਲੋਂ ਅਤੇ ਨਿਰਮਾਤਾ ਸ਼ਾਮਲ ਹਨ।

ਬਲਬੀਰ ਸਿੰਘ ਨੇ ਜੜ੍ਹਾਂ ਵੱਲ ਮੁੜਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਬਜ਼ੁਰਗ ਬਾਜਰਾ, ਜਵਾਰ ਅਤੇ ਕੰਗਨੀ ਨੂੰ ਆਪਣੀ ਮੁੱਖ ਖੁਰਾਕ ਵਜੋਂ ਖਾਂਦੇ ਸਨ ਅਤੇ ਉਹ ਅੱਜ ਦੀ ਪੀੜ੍ਹੀ ਦੇ ਮੁਕਾਬਲੇ ਬਹੁਤ ਜ਼ਿਆਦਾ ਸਿਹਤਮੰਦ ਹੁੰਦੇ ਸਨ। ਇਸ ਲਈ ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਰਵਾਇਤੀ ਖਾਣ-ਪੀਣ ਦੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ।

ਮੰਤਰੀ ਨੇ ਅਧਿਕਾਰੀਆਂ ਨੂੰ ਮੋਟੇ ਅਨਾਜ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਇਸਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਵਿੱਚ ਮੇਲੇ ਲਗਾਉਣ ਦੇ ਵੀ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਖੇਤੀ ਵਿਰਾਸਤ ਮੰਚ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜੋ ਪਿਛਲੇ ਦੋ ਦਹਾਕਿਆਂ ਤੋਂ ਜੈਵਿਕ ਖੇਤੀ ਅਤੇ ਮੋਟੇ ਅਨਾਜ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ।

Share This Article
Leave a Comment