ਅਮਰੀਕਾ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ

Global Team
3 Min Read

ਵਾਸ਼ਿੰਗਟਨ: ਗੈਰਕਾਨੂੰਨੀ ਪਰਵਾਸੀਆਂ ਦੀ ਲਗਾਤਾਰ ਹੋ ਰਹੀ ਆਮਦ ਨੂੰ ਦੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਕਸੀਕੋ ਦੀ ਸਰਹੱਦ ਤੇ ਫੌਜ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਅਮਰੀਕਾ ਵਿਚ 11 ਮਈ ਤੋਂ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਬੰਦਿਸ਼ਾ ਖ਼ਤਮ ਹੋ ਰਹੀਆਂ ਹਨ ਜਿਸ ਤੋਂ ਬਾਅਦ ਮੁਲਕ ਦੀ ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਪਰਵਾਸ ‘ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।

ਰਾਸ਼ਟਰਪਤੀ ਦੇ ਤਾਜ਼ਾ ਹੁਕਮਾਂ ਤਹਿਤ 90 ਦਿਨ ਦੇ ਸਮੇਂ ਲਈ ਡੇਢ ਹਜ਼ਾਰ ਫੌਜੀ ਮੈਕਸੀਕੋ ਦੀ ਸਰਹੱਦ ‘ਤੇ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਨੂੰ ਲਾਅ ਐਨਫੋਰਸਮੈਂਟ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਗਿਆ ਹੈ। ਪੈਂਟਾਗਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਦੱਸਿਆ ਕਿ ਫੌਜੀਆਂ ਵੱਲੋਂ ਨਿਗਰਾਨੀ, ਡਾਟਾ ਐਂਟਰੀ ਅਤੇ ਵੇਅਰਹਾਊਸ ਸਪੋਰਟ ਦਿੱਤਾ ਜਾਵੇਗਾ ਤਾਂਕਿ ਬਾਰਡਰ ਏਜੰਟਾਂ ਨੂੰ ਆਪਣਾ ਕੰਮ ਕਰਨ ‘ਚ ਆਸਾਨੀ ਹੋ ਸਕੇ। ਇਸ ਤੋਂ ਪਹਿਲਾਂ ਢਾਈ ਹਜ਼ਾਰ ਨੈਸ਼ਨਲ ਗਾਰਡ ਦੇ ਜਵਾਨ ਪਹਿਲਾਂ ਹੀ ਮੈਕਸੀਕੋੋ ਦੀ ਸਰਹੱਦ ਤੇ ਤਾਇਨਾਤ ਹਨ। ਫੌਜ ਦੀ ਨਵੀਂ ਤਾਇਨਾਤੀ 10 ਮਈ ਤੋਂ ਹੋਵੇਗੀ ਅਤੇ ਪੈਟ ਰਾਈਡਰ ਮੁਤਾਬਕ ਰਾਖਵੀਂ ਫੌਜ ਨਾਲ ਸਬੰਧਤ ਜਵਾਨਾਂ ਨੂੰ ਭੇਜਿਆ ਜਾਵੇਗਾ।

ਦੂਜੇ ਪਾਸੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਪਣੀ ਹੀ ਪਾਰਟੀ ‘ਚ ਬਾਰਡਰ ‘ਤੇ ਫੌਜ ਭੇਜਣ ਦੇ ਫੈਸਲੇ ਦਾ ਵਿਰੋਧ ਕਰਨਾ ਪੈ ਰਿਹਾ ਹੈ। ਸਨੈਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਬੌਬ ਮੇਨੇਂਡਜ਼ ਨੇ ਕਿਹਾ ਕਿ ਜੋਅ ਬਾਇਡਨ ਦਾ ਫੈਸਲਾ ਬਰਦਾਸ਼ਤਯੋਗ ਨਹੀਂ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਖਾਤਰ ਰਾਸ਼ਟਰਪਤੀ ਵੱਲੋਂ ਫੌਜ ਭੇਜੀ ਜਾ ਰਹੀ ਹੈ। ਇਸ ਦੌਰਾਨ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇ ਮੈਨੁਅਲ ਲੋਪੇਜ਼ ਨੂੰ ਜਦੋਂ ਫੌਜ ਦੀ ਤਾਇਨਾਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਮਰੀਕਾ ਇੱਕ ਖੁਦਮੁਖਤਿਆਰ ਮੁਲਕ ਹੈ ਅਤੇ ਮੈਕਸੀਕ ਆਪਣੇ ਗੁਆਂਢੀ ਮੁਲਕ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ਅਮਰੀਕਾ ‘ਚ ਪਹਿਲਾਂ ਵੀ ਬਾਰਡਰ ‘ਤੇ ਫੌਜ ਤਾਇਨਾਤ ਕੀਤੀ ਜਾ ਚੁੱਕੀ ਹੈ।

ਰਿਪਬਲਿਕਨ ਪਾਰਟੀ ਦ ਜਾਰਜ ਬੁਸ਼ ਅਤੇ ਡੈਮਕ੍ਰੈਟਿਕ ਪਾਰਟੀ ਦੇ ਬਰਾਕ ਓਬਾਮਾ ਤੋਂ ਇਲਾਵਾ ਡੋਨਲਡ ਟਰੰਪ ਵੱਲੋਂ ਵੀ ਹਜ਼ਾਰਾਂ ਦੀ ਗਿਣਤੀ ‘ਚ ਨੈਸ਼ਨਲ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਮੀਗ੍ਰੇਸ਼ਨ ਦੀ ਵਕਾਲਤ ਕਰਨ ਵਾਲਿਆਂ ਵੱਲੋਂ ਸਰਹੱਦ ‘ਤੇ ਫੌਜ ਭੇਜਣ ਦੇ ਫੈਸਲੇ ਦੀ ਤਿੱਖੇ ਸ਼ਬਦਾਂ ‘ਚ ਨਿਖੇਧੀ ਕੀਤੀ ਜਾ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਦਸੰਬਰ ਅਤੇ ਇਸ ਸਾਲ ਜਨਵਰੀ ਮਹੀਨੇ ਦੌਰਾਨ 4 ਲੱਖ ਗੈਰਕਾਨੂੰਨੀ ਪਰਵਾਸੀ ਅਮਰੀਕਾ ਵਿੱਚ ਦਾਖ਼ਲ ਹੋਏ। ਕਰਨਾ ਬੰਦਸ਼ਾਂ ਦੀ ਬਾਵਜੂਦ ਐਨੀ ਵੱਡੀ ਗਿਣਤੀ ਹੈਰਾਨੀਜਨਕ ਹੈ ਅਤੇ ਅਮਰੀਕਾ ਸਰਕਾਰ ਦਾ ਮੰਨਣਾ ਹੈ ਕਿ 11 ਮਈ ਤੋਂ ਬਾਅਦ ਗੈਰਕਾਨੂੰਨੀ ਪਰਵਾਸੀਆਂ ਦਾ ਹੜ੍ਹ ਆ ਸਕਦਾ ਹੈ।

Share This Article
Leave a Comment