ਓਟਵਾ: ਪਾਸਪੋਰਟ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਜੋ 19 ਅਪ੍ਰੈਲ ਤੋਂ ਹੜਤਾਲ ਸ਼ੁਰੂ ਹੋਣ ਕਾਰਨ ਠੱਪ ਹੋ ਗਈ ਸੀ। ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਅੱਜ ਤੋਂ ਹੜਤਾਲੀ ਕਾਮੇ ਕੰਮ ‘ਤੇ ਪਰਤ ਆਉਣਗੇ।
ਦੂਜੇ ਪਾਸੇ ਕੈਨੇਡਾ ਰੈਵੇਨਿਊ ਏਜੰਸੀ ਦੇ ਕਾਮਿਆਂ ਦੀ ਹੜਤਾਲ ਜਾਰੀ ਰਹਿਣ ਦੇ ਸੰਕੇਤ ਮਿਲ ਰਹੇ ਹਨ। ਫੈਡਰਲ ਸਰਕਾਰ ਅਤੇ ਹੜਤਾਲੀ ਕਾਮਿਆਂ ਦਰਮਿਆਨ ਹੋਏ ਸਮਝੌਤੇ ਦੇ ਵੇਰਵੇ ਹਾਸਲ ਨਹੀਂ ਹੋ ਸਕੇ ਪਰ ਦੋਹਾਂ ਧਿਰਾਂ ਵੱਲੋਂ ਨਰਮੀ ਦਿਖਾਉਣ ਤੋਨ ਬਾਅਦ ਹੀ ਸਮਝੌਤੇ ਸਿਰੇ ਚੜ੍ਹ ਸਕਿਆ। ਮੁਲਾਜ਼ਮ ਯੂਨੀਅਨ ਤਿੰਨ ਸਾਲ ਲਈ 13.5 ਫ਼ੀ ਸਦੀ ਉਜਰਤ ਵਾਧੇ ਦੀ ਮੰਗ ਕਰ ਰਹੀ ਸੀ ਅਤੇ ਹੜਤਾਲ ਲੰਮੀ ਚਲਦੀ ਵੇਖ ਆਪਣੀ ਮੰਗ ਛੱਡ ਦਿੱਤੀ। ਦੂਜੇ ਪਾਸੇ ਫੈਡਰਲ ਸਰਕਾਰ ਉਜਰਤ ਦਰਾਂ ‘ਚ 9 ਫ਼ੀ ਸਦੀ ਵਾਧਾ ਹੀ ਕਰਨਾ ਚਾਹੁੰਦੀ ਸੀ ਪਰ ਸ਼ੁੱਕਰਵਾਰ ਰਾਤ ਨਵੀਂ ਪੇਸ਼ਕਸ਼ ਦਾ ਐਲਾਨ ਕਰ ਦਿਤਾ ਗਿਆ।
ਹੜਤਾਲ ਕਾਰਨ ਕੌਮਾਂਤਰੀ ਵਿਦਿਆਰਥੀਆਂ ਤੋਂ ਲੋਕ ਆਰਜ਼ੀ ਵਿਦੇਸ਼ੀ ਕਾਮਿਆਂ ਤੱਕ ਅਤੇ ਰਫ਼ਿਊਜੀਆਂ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ਠੱਪ ਹੋ ਗਈ। ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਜਨਤਕ ਤੌਰ ‘ਤੇ ਪ੍ਰਵਾਨ ਕੀਤਾ ਕਿ ਲੱਖਾਂ ਅਰਜ਼ੀਆਂ ਦੀ ਪ੍ਰਸੰਸਿੰਗ ਹੜਤਾਲ ਦੀ ਭੇਟ ਚੜ੍ਹ ਗਈ। ਕੰਸਟ੍ਰਕਸ਼ਨ ਸੈਕਟਰ ਤੋਂ ਹੈਲਥ ਕੇਅਰ ਸੈਕਟਰ ਤੱਕ ਕਿਰਤੀਆਂ ਦੀ ਥੁੜ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ 2025 ਤੱਕ ਲਗਭਗ 15 ਲੱਖ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਪਹਿਲਾਂ ਮਹਾਂਮਾਰੀ ਕਾਰਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 28 ਲੱਖ ਤੱਕ ਪਹੁੰਚ ਗਿਆ ਜਿਸ ਨੂੰ ਨਵੇਂ ਮੁਲਾਜ਼ਮਾਂ ਦੀ ਭਰਤੀ ਰਾਹੀਂ ਘਟਾਉਣ ਦਾ ਹਰ ਸੰਭਵ ਯਤਨ ਕੀਤੇ ਗਿਆ। 31 ਮਾਰਚ ਤੱਕ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟ ਕੇ 9 ਲੱਖ ‘ਤੇ ਆ ਗਿਆ ਜਦਕਿ 20 ਲੱਖ ਤੋਂ ਵੱਧ ਅਰਜ਼ੀਆਂ ਪੋਸੈਸਿੰਗ ਅਧੀਨ ਸਨ।
ਹੜਤਾਲ ਦੌਰਾਨ ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ਦੀਆਂ ਸੰਭਾਵਨਾਵਾਂ ਸੀਮਤ ਹੋ ਗਈ ਅਤੇ ਤਰਜੀਹੀ ਅਰਜ਼ੀਆਂ ਦੀ ਲਟਕਣ ਦੇ ਆਸਾਰ ਬਣ ਗਏ। ਮੁਲਕ ਵਿਚ ਵੱਖ ਵੱਖ ਥਾਵਾਂ ‘ਤੇ ਰੱਖੇ ਗਏ ਸਿਟੀਜ਼ਨਸ਼ਿਪ ਸਮਾਗਮ ਰੱਦ ਕਰਦਿਆਂ ਨਵੇਂ ਸਿਰੇ ਤੋਂ ‘ ਤਰੀਕ ਤੈਅ ਕਰਨ ਦਾ ਫੈਸਲਾ ਕੀਤਾ ਗਿਆ। ਦੂਜੇ ਪਾਸੇ ਪਾਸਪੋਰਟ ਅਰਜ਼ੀਆਂ ਦਾ ਵੀ ਢੇਰ ਲੱਗ ਗਿਆ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹੜਤਾਲ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਸਿਰਫ਼ ਕੈਨੇਡਾ ਵਾਸੀਆਂ ਹੀ ਨਹੀਂ ਸਗੋਂ ਕੈਨੇਡਾ ਆਉਣ ਦੇ ਇੱਛੁਕ ਪਰਵਾਸੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਹੁਣ ਕੈਨੇਡਾ ਰੈਵੇਨਿਊ ਏਜੰਸੀ ਦੇ ਕਾਮਿਆਂ ਦਾ ਮਸਲਾ ਵਿਚਾਲੇ ਰਹਿ ਗਿਆ ਹੈ।