ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸਦੀਵੀ ਅਲਵਿਦਾ ਆਖ ਗਏ ਹਨ। ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪਿੰਡ ਦੀ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਸਰਦਾਰ ਬਾਦਲ ਦਾ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਬਹੁਤ ਅਹਿਮ ਯੋਗਦਾਨ ਹੈ। ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਉਹਨਾਂ ਦਾ ਅਹਿਮ ਏਜੰਡਾ ਸੀ। ਜ਼ਮੀਨੀ ਹਕੀਕਤਾਂ ਨਾਲ ਜੁੜੇ ਇਸ ਨੇਤਾ ਨੇ ਪੰਜਾਬੀਆਂ ਦੇ ਹਰ ਵਰਗ ਨੂੰ ਪੰਜਾਬ ਦੇ ਬਹੁ ਪੱਖੀ ਵਿਕਾਸ ਦੇ ਨਾਲ ਨਾਲ ਆਪਸੀ ਸਾਂਝ ਦੀ ਪ੍ਰਰੇਣਾ ਦਾ ਸੁਨੇਹਾ ਦਿੱਤਾ। ਇਹ ਸਰਦਾਰ ਬਾਦਲ ਹੀ ਸਨ ਜਿਹਨਾਂ ਨੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਸਮਾਜਿਕ ਨਜ਼ਰੀਏ ਤੋਂ ਦਹਾਕਿਆਂ ਤੱਕ ਬਗੈਰ ਕਿਸੇ ਟਕਰਾਅ ਅਤੇ ਕੁੜਤੱਣ ਦੇ ਨਿਭਾਇਆ। ਇਸੇ ਲਈ ਇਹ ਗਠਜੋੜ ਨੰਹੁ ਮਾਸ ਦੇ ਰਿਸ਼ਤੇ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਇਸ ਮਰਹੂਮ ਅਕਾਲੀ ਨੇਤਾ ਦੇ ਸਮੇਂ ਅੰਦਰ ਪੰਜਾਬ ਅੰਦਰ ਭਾਈਚਾਰਕ ਸਾਂਝ ਲਈ ਮੁਸ਼ਕਿਲਾਂ ਅਤੇ ਚੁਣੌਤੀਆਂ ਨਹੀਂ ਆਈਆਂ ਪਰ ਉਹਨਾਂ ਵੱਲੋਂ ਹਮੇਸ਼ਾਂ ਭਾਈਚਾਰਕ ਸਾਂਝ ਦੀ ਪਹਿਰੇਦਾਰੀ ਕੀਤੀ ਗਈ। ਉਹ ਇੱਕ ਅਜਿਹੇ ਨੇਤਾ ਸਨ ਜਿਹਨਾਂ ਦਾ ਪੰਜਾਬ ਅੰਦਰ ਜੇਕਰ ਦਬਦਬਾ ਸੀ ਤਾਂ ਕੌਮੀ ਪੱਧਰ ’ਤੇ ਵੀ ਰਾਜਸੀ ਧਿਰਾਂ ਵਿਚ ਉਹਨਾਂ ਦੀ ਅਹਿਮ ਥਾਂ ਸੀ। ਸ਼ਾਇਦ ਪਿਛਲੇ ਦਹਾਕਿਆਂ ਤੋਂ ਪੰਜਾਬ ਦੇ ਉਹ ਇੱਕੋ-ਇੱਕ ਅਜਿਹੇ ਨੇਤਾ ਸਨ ਜਿਹੜੇ ਕਿ ਇੱਕੋ ਵੇਲੇ ਪੰਜਾਬ ਅਤੇ ਕੌਮੀ ਪੱਧਰ ’ਤੇ ਅਹਿਮ ਸਥਾਨ ਰੱਖਦੇ ਸਨ। ਜਦੋਂ ਐਮਰਜੈਂਸੀ ਦਾ ਦੌਰ ਆਇਆ ਤਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਕੇਂਦਰ ਦਾ ਅਕਾਲੀ ਦਲ ਨਾਲ ਕੋਈ ਟਕਰਾਅ ਨਹੀਂ ਹੈ। ਇਸ ਲਈ ਅਕਾਲੀ ਦਲ ਵੱਲੋਂ ਐਮਰਜੈਂਸੀ ਦਾ ਵਿਰੋਧ ਨਾ ਕੀਤਾ ਜਾਵੇ। ਇਸ ਮਾਮਲੇ ਉਪਰ ਅਕਾਲੀ ਦਲ ਦੀ ਮੀਟਿੰਗ ਹੋਈ ਤਾਂ ਕੁੱਝ ਆਗੂਆਂ ਵੱਲੋਂ ਐਮਰਜੈਂਸੀ ਦੀ ਹਮਾਇਤ ਵਿਚ ਬੋਲਿਆ ਗਿਆ ਪਰ ਸਰਦਾਰ ਬਾਦਲ ਅਜਿਹੇ ਆਗੂ ਸਨ ਜਿਹਨਾਂ ਨੇ ਸਟੈਂਡ ਲਿਆ ਕਿ ਦੇਸ਼ ਦੀ ਜਮਹੂਰੀਅਤ ਬਚਾਉਣ ਲਈ ਅਕਾਲੀ ਦਲ ਐਮਰਜੈਂਸੀ ਦਾ ਵਿਰੋਧ ਕਰੇਗਾ। ਅਕਸਰ ਇਹ ਕਿਹਾ ਜਾਂਦਾ ਹੈ ਕਿ ਸਰਦਾਰ ਬਾਦਲ ਨਰਮ ਸੁਭਾਅ ਦੇ ਸਨ ਪਰ ਜੇਕਰ ਕਿਸੇ ਮੁੱਦੇ ਉਪਰ ਉਹ ਸਟੈਂਡ ਲੈਂਦੇ ਸਨ ਤਾਂ ਫਿਰ ਪਿੱਛੇ ਨਹੀਂ ਹਟਦੇ ਸਨ। ਇਸ ਦੀ ਇਕ ਮਿਸਾਲ ਇਹ ਵੀ ਹੈ ਕਿ ਅਕਾਲੀ ਦਲ ਦੇ ਫੈਸਲੇ ਅਨੁਸਾਰ ਬਾਦਲ ਟਰੱਕ ਡਰਾਈਵਰ ਬਣ ਕੇ ਦਿੱਲੀ ਗਏ ਅਤੇ ਉਹਨਾਂ ਨੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਭਾਰਤੀ ਸੰਵਿਧਾਨ ਪਾੜਿਆ।
ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਹ ਆਖ਼ਦੇ ਸਨ ਕਿ ਕੇਂਦਰ ਵੱਲੋਂ ਪੰਜਾਬੀਆਂ ਨਾਲ ਹਰ ਮਾਮਲੇ ਵਿਚ ਧੱਕਾ ਕੀਤਾ ਗਿਆ ਹੈ। ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ਵਿਚ ਪੰਜਾਬ ਨਾਲ ਧੱਕਾ ਹੋਇਆ। ਪੰਜਾਬ ਨੂੰ ਚੰਡੀਗੜ੍ਹ ਰਾਜਧਾਨੀ ਦੇਣ ਤੋਂ ਇਨਕਾਰ ਕੀਤਾ ਗਿਆ। ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਘੱਟ ਗਿਣਤੀਆਂ ਨਾਲ ਧੱਕਾ ਕਰਦਾ ਹੈ। ਬਾਦਲ ਇੱਕ ਮੁਹਾਵਰੇ ਵਜੋਂ ਹਮੇਸ਼ਾ ਇਹ ਆਖਦੇ ਰਹੇ ਕਿ ਕਾਂਗਰਸ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਪਰ ਜਦੋਂ ਉਹਨਾਂ ਦੀ ਭਾਜਪਾ ਨਾਲ ਸਾਂਝ ਪੈ ਗਈ ਤਾਂ ਉਹਨਾਂ ਨੂੰ ਕੇਂਦਰ ਦੀਆਂ ਨੀਤੀਆਂ ਵਿਰੁੱਧ ਬੋਲਣਾ ਔਖਾ ਲੱਗਣ ਲੱਗਿਆ। ਆਖਿਰ ਵਿਚ ਕਿਸਾਨੀ ਅੰਦੋਲਨ ਦੇ ਮੁੱਦੇ ਉਪਰ ਜਦੋਂ ਦਬਾਅ ਵਧਿਆ ਤਾਂ ਅਕਾਲੀ ਦਲ ਵੱਲੋਂ ਭਾਜਪਾ ਨਾਲ ਸਾਂਝ ਤੋੜੀ ਗਈ ।
ਸਰਦਾਰ ਬਾਦਲ ਦੀ ਮ੍ਰਿਤਕ ਦੇਹ ਨੂੰ ਅੱਜ ਲੋਕਾਂ ਦੇ ਦਰਸ਼ਨਾਂ ਲਈ ਚੰਡੀਗੜ੍ਹ ਅਕਾਲੀ ਦਲ ਦੇ ਮੁੱਖ ਦਫਤਰ ਵਿਖੇ ਰੱਖਿਆ ਗਿਆ। ਇਹ ਉਹਨਾਂ ਦਾ ਕੌਮੀ ਪੱਧਰ ’ਤੇ ਸਤਿਕਾਰ ਹੀ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਮਿੰਟਾਂ ਲਈ ਸਰਦਾਰ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਪਹੁੰਚੇ। ਕੇਵਲ ਐਨਾਂ ਹੀ ਨਹੀਂ ਸਗੋਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਮੌਕੇ ਉਪਰ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ ਵੀ ਇਸ ਦੁੱਖ ਦੀ ਘੜੀ ਵਿਚ ਬਾਦਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਰਦਾਰ ਬਾਦਲ ਲਈ ਅਰਦਾਸ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਦੀ ਅੰਤਿਮ ਯਾਤਰਾ ਚੰਡੀਗੜ੍ਹ ਤੋਂ ਬਾਦਲ ਪਿੰਡ ਲਈ ਸ਼ੁਰੂ ਹੋ ਗਈ। ਭਲਕੇ ਬਾਦਲ ਪਿੰਡ ਵਿਚ ਪੰਜਾਬ ਦੇ ਵੱਡੇ ਸਿਆਸਤਦਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਹੈ।