ਕੋਹਿਮਾ: ਨਾਗਾਲੈਂਡ ਵਿੱਚ ਚੋਣਾਂ ਤੋਂ ਪਹਿਲਾਂ ਹਿੰਸਾ ਵਿੱਚ ਘੱਟੋ-ਘੱਟ ਪੰਜ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਅਤੇ ਐਲਜੇਪੀ ਸਮਰਥਕਾਂ ਵਿੱਚ ਐਤਵਾਰ ਦੁਪਹਿਰ ਨੂੰ ਨੋਕਲਾਕ ਜ਼ਿਲ੍ਹੇ ਦੀ ਥੋਨੋਕਨੇਊ ਵਿਧਾਨ ਸਭਾ ਸੀਟ ‘ਤੇ ਝੜਪ ਹੋ ਗਈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਪੱਖਾਂ ਦੇ ਸਮਰਥਕਾਂ ਵਿਚਾਲੇ ਪਥਰਾਅ ‘ਚ ਚਾਰ ਲੋਕ ਮਾਮੂਲੀ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ, ਭਾਰਤੀ ਰਿਜ਼ਰਵ ਬਟਾਲੀਅਨ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਤਾਇਨਾਤੀ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ।
ਇੱਕ ਹੋਰ ਘਟਨਾ ਵਿੱਚ, ਅਣਪਛਾਤੇ ਵਿਅਕਤੀਆਂ ਨੇ ਐਨਪੀਪੀ ਦੇ ਸੂਬਾ ਪ੍ਰਧਾਨ ਐਂਡਰਿਊ ਅਹਟੋ ਸੇਮਾ ਦੇ ਕਾਫ਼ਲੇ ‘ਤੇ ਪਥਰਾਅ ਕੀਤਾ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਪੰਜ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਇੰਡੀਸਨ ਯੂਥ ਆਰਗੇਨਾਈਜੇਸ਼ਨ ਦੇ ਇੱਕ ਮੈਂਬਰ ਨੇ ਦਾਅਵਾ ਕੀਤਾ ਕਿ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਸਮਰਥਕ 6-7 ਗੱਡੀਆਂ ਵਿੱਚ ਆਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਨਾਮਜ਼ਦ ਵਿਅਕਤੀ ਦੇ ਘਰ ‘ਤੇ ਖਾਲੀ ਬੋਤਲਾਂ ਸੁੱਟੀਆਂ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ। ਪੁਲਿਸ ਨੇ ਦੱਸਿਆ ਕਿ ਲੋਜਪਾ ਸਮਰਥਕਾਂ ਦੀਆਂ ਦੋ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਹਨ।
ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਵੋਟਿੰਗ 27 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।