ਨਿਊਜ਼ ਡੈਸਕ: ਮਹਿਲਾ ਆਈਪੀਐਲ ਨਿਲਾਮੀ (WPL Auction 2023) ਵਿੱਚ 5 ਟੀਮਾਂ ਨੇ ਖਿਡਾਰੀਆਂ ‘ਤੇ ਜ਼ਬਰਦਸਤ ਬੋਲੀ ਲਗਾਈ। ਤੇਜ਼ ਬੱਲੇਬਾਜ਼ੀ ਕਰਨ ਵਾਲੀ ਸਮ੍ਰਿਤੀ ਮੰਧਾਨਾ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ। ਉਸ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ ਰਿਕਾਰਡ 3.40 ਕਰੋੜ ਰੁਪਏ ਵਿੱਚ ਖਰੀਦਿਆ। 3 ਖਿਡਾਰੀਆਂ ਨੇ 3 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ 1.80 ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਹਰਮਨਪ੍ਰੀਤ ਪੈਸੇ ਦੇ ਮਾਮਲੇ ਵਿੱਚ 9 ਖਿਡਾਰੀਆਂ ਤੋਂ ਪਿੱਛੇ ਹੈ। ਦੱਸਣਯੋਗ ਹੈ ਕਿ ਟੀ-20 ਲੀਗ ਦੇ ਮੈਚ 4 ਤੋਂ 26 ਮਾਰਚ ਤੱਕ ਖੇਡੇ ਜਾਣੇ ਹਨ।
ਸਮ੍ਰਿਤੀ ਮੰਧਾਨਾ ਤੋਂ ਇਲਾਵਾ ਆਸਟ੍ਰੇਲੀਆਈ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਗੁਜਰਾਤ ਜੇਇੰਟਸ ਨੇ 3.2 ਕਰੋੜ ਰੁਪਏ ‘ਚ ਅਤੇ ਇੰਗਲੈਂਡ ਦੀ ਆਲਰਾਊਂਡਰ ਨਤਾਲੀਆ ਸੀਵਰ ਨੂੰ ਮੁੰਬਈ ਇੰਡੀਅਨਜ਼ ਨੇ 3.2 ਕਰੋੜ ਰੁਪਏ ‘ਚ ਖਰੀਦਿਆ। ਦੂਜੇ ਪਾਸੇ ਯੂਪੀ ਵਾਰੀਅਰਜ਼ ਨੇ ਦੀਪਤੀ ਸ਼ਰਮਾ ਨੂੰ 2.6 ਕਰੋੜ ਵਿੱਚ ਅਤੇ ਦਿੱਲੀ ਕੈਪੀਟਲਜ਼ ਨੇ ਜੇਮਿਮਾ ਰੌਡਰਿਗਜ਼ ਨੂੰ 2.2 ਕਰੋੜ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਜੇਮਿਮਾ ਨੇ ਇੱਕ ਦਿਨ ਪਹਿਲਾਂ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਧਮਾਕੇਦਾਰ ਅਰਧ ਸੈਂਕੜਾ ਲਗਾਇਆ ਸੀ।
ਸ਼ੈਫਾਲੀ ਨੂੰ ਮਿਲੇ 2 ਕਰੋੜ
ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ‘ਚ ਖਰੀਦਿਆ। ਦੂਜੇ ਪਾਸੇ ਆਸਟ੍ਰੇਲੀਆ ਦੇ ਵਿਕਟਕੀਪਰ ਬੈਟਰ ਬੇਥ ਮੂਨੀ ਨੂੰ ਗੁਜਰਾਤ ਜਾਇੰਟਸ ਨੇ 2 ਕਰੋੜ ‘ਚ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਤੇਜ਼ ਗੇਂਦਬਾਜ਼ ਆਲਰਾਊਂਡਰ ਪੂਜਾ ਵਸਤਰਕਾਰ ਨੂੰ ਮੁੰਬਈ ਇੰਡੀਅਨਜ਼ ਨੇ 1.9 ਕਰੋੜ ‘ਚ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੂੰ RCB ਨੇ 1.9 ਕਰੋੜ ‘ਚ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.