ਫਰੀਦਕੋਟ : ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ‘ਚ ਨਿਆਂ ਲਈ ਇਨਸਾਫ਼ ਮੋਰਚੇ ਤੇ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54 ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਫਰੀਦਕੋਟ ‘ਚ ਧਰਨਾਕਾਰੀਆਂ ਨੇ ਹਾਈਵੇਅ ਦੇ ਇਕ ਪਾਸੇ ਟੈਂਟ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਇਨਸਾਫ਼ ਮਿਲਣ ਤੋਂ ਬਾਅਦ ਹੀ ਉੱਠਣਗੇ।
ਧਰਨਾਕਾਰੀਆਂ ਨੇ ਨੇੜੇ ਹੀ ਸਟੇਜ ਲਾ ਲਈ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲ਼ੀ ਕਾਂਡ ਮਾਮਲੇ ’ਚ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਫਿਲਹਾਲ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਵਿਖਾਵਾਕਾਰੀਆਂ ਨਾਲ ਗੱਲਬਾਤ ਦੀ ਪਹਿਲ ਨਹੀਂ ਕੀਤੀ। ਧਰਨੇ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ, ਰਾਮ ਸਿੰਘ ਢਪਾਲੀ, ਸੁਖਜੀਤ ਸਿੰਘ ਖੋਸਾ, ਬਾਬਾ ਬਖ਼ਸ਼ੀਸ਼ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਬਾਬਾ ਹਰਦੀਪ ਸਿੰਘ ਮਹਿਰਾਜ ਆਦਿ ਆਗੂ ਸ਼ਾਮਲ ਹਨ।
ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰਵਿਜੇ ਪ੍ਰਤਾਪ ਨੇ ਇਸ ਮਾਮਲੇ ਵਿੱਚ ਕਾਰਵਾਈ ਨਾ ਹੋਣ ਕਾਰਨ ਵਿਧਾਨ ਸਭਾ ਦੀ ਟਰੱਸਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਸੀ ਪਰ ਉਨ੍ਹਾਂ ਨੇ ਮਨਜ਼ੂਰ ਨਹੀਂ ਕੀਤਾ ਸੀ।
ਦਸ ਦਈਏ ਕਿ ਇਸ ਗੋਲੀਬਾਰੀ ‘ਚ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਤੇ ਬਹਿਲ ਖੁਰਦ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਵੀ ਸੀਬੀਆਈ ਨੂੰ ਸੌਂਪੀ ਗਈ ਸੀ ਪਰ ਫਰਵਰੀ 2021 ਵਿੱਚ ਸੀਬੀਆਈ ਤੋਂ ਜਾਂਚ ਲੈ ਕੇ ਐਸਆਈਟੀ ਨੂੰ ਸੌਂਪ ਦਿੱਤੀ ਗਈ ਸੀ।