ਟੋਰਾਂਟੋ: ਕੈਨੇਡਾ ‘ਚ ਹਜ਼ਾਰਾਂ ਪਰਵਾਸੀਆਂ ਨੂੰ ਜੇਲਾਂ ‘ਚ ਡੱਕੇ ਜਾਣ ਬਾਰੇ ਕਈ ਮੀਡੀਆ ਰਿਪੋਰਟਾਂ ਸਾਹਮਣਾ ਆ ਚੁੱਕੀਆਂ ਹਨ। ਜਿਸ ਦਾ ਹਵਾਲਾ ਦਿੰਦਿਆਂ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਆਲਚਕ ਜੈਨੀ ਕਵਾਨ ਵੱਲੋਂ ਇਮੀਗ੍ਰੇਸ਼ਨ ਹਿਰਾਸਤ ਮੁਕੰਮਲ ਤੌਰ ‘ਤੇ ਖ਼ਤਮ ਕਰਨ ਦੀ ਆਵਾਜ਼ ਚੁੱਕੀ ਗਈ ਹੈ।
ਜੈਨੀ ਨੇ ਕਿਹਾ ਹੈ ਕਿ ਸਿਰਫ਼ ਉਨ੍ਹਾਂ ਪਰਵਾਸੀਆਂ ਨੂੰ ਹੀ ਜੇਲ੍ਹਾਂ ਵਿਚ ਰੱਖਿਆ ਜਾਵੇ ਜੋ ਲੋਕ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ, ਜਦੋਂ ਓਨਟਾਰੀਓ ਦੀਆਂ ਜੇਲ੍ਹਾਂ ‘ਚ 192 ਕੈਦੀਆਂ ਦੀ ਮੌਤ ਹੋਣ ਅਤੇ ਨਸ਼ਿਆਂ ਦੀ ਮੌਜੂਦਗੀ ਬਾਰੇ ਰਿਪੋਰਟ ਸਾਹਮਣੇ ਆਈ ਹੈ।
ਰੇਡੀਓ ਕੈਨੇਡਾ ਨੇ ਪਿਛਲੇ ਦਿਨੀਂ ਸਮਾਲੀਆ ਦੇ ਅਬਦੀਰਹਿਮਾਨ ਵਾਰਸਮਾਂ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਪੰਜ ਸਾਲ ਅਤੇ ਸੱਤ ਮਹੀਨੇ ਓਨਟਾਰੀਓ ਦੀਆਂ ਮੈਕਸਿਮ ਸਕਿਊਰਿਟੀ ਜੇਲ੍ਹਾਂ ‘ਚ ਰੱਖਿਆ ਗਿਆ। ਜੈਨੀ ਕਵਾਨ ਨੇ ਸਵਾਲ ਕੀਤਾ ਕਿ ਇਮੀਗ੍ਰੇਸ਼ਨ ਹਿਰਾਸਤ ਦੀ ਜ਼ਰੂਰਤ ਹੀ ਕੀ ਹੈ? ਉੱਥੇ ਹੀ ਬਲਾਕ ਕਿਊਬੈਕ ਵੱਲੋਂ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਕਮੇਟੀ ਸਾਹਮਣੇ ਇੱਕ ਮਤਾ ਪੇਸ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਰਾਹੀਂ ਇਮੀਗ੍ਰੇਸ਼ਨ ਹਿਰਾਸਤ ਤੋਂ ਗੁਰੇਜ਼ ਕਰਨ ਦੇ ਤੌਰ-ਤਰੀਕਿਆਂ ਬਾਰੇ ਪਛਾਣ ਕੀਤੀ ਜਾ ਸਕੇਗੀ।
ਇਸ ਤੋਂ ਪਹਿਲਾਂ ਲੋਕ ਸੁਰੱਖਿਆ ਮੰਤਰੀ ਮਾਰਕ ਮੈਂਡੀਚੀਨ ਵੀ ਕਹਿ ਚੁੱਕੇ ਹਨ ਕਿ ਇਮੀਗ੍ਰੇਸ਼ਨ ਹਿਰਾਸਤ ਨੂੰ ਆਖਰੀ ਹੀਲੇ ਵਜੋਂ ਵਰਤਿਆ ਜਾਂਦਾ ਹੈ ਅਤੇ ਫੈਡਰਲ ਸਰਕਾਰ ਬਦਲਵੇਂ ਪ੍ਰਬੰਧਾਂ ‘ਤੇ ਵਿਚਾਰ ਕਰ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਦੇ ਚੀਫ਼ ਕਰਨਰ ਦੇ ਦਫ਼ਤਰ ਵੱਲੋਂ ਜਾਰੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਅੱਠ ਸਾਲ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿਚ 192 ਕੈਦੀਆਂ ਦੀ ਮੌਤ ਹੋਈ ਅਤੇ ਲਗਭਗ ਹਰ ਕੈਦੀ ਦੀ ਜਾਨ ਬਚਾਈ ਜਾ ਸਕਦੀ ਸੀ। ਓਨਟਾਰੀਓ ਦੀਆਂ 25 ਜੇਲ੍ਹਾਂ ‘ਚ ਸਟਾਫ ਦੀ ਕਮੀ ਵੱਲ ਇਸ਼ਾਰਾ ਕਰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਤਾਂ ਦੇ ਵਧਦੇ ਅੰਕੜੇ ਨੂੰ ਰੋਕਣ ਵਿੱਚ ਇਹ ਵੀ ਵੱਡਾ ਅੜਿੱਕਾ ਬਣ ਰਿਹਾ ਹੈ।
ਰਿਪੋਰਟ ਮੁਤਾਬਕ 2014 ਵਿਚ 19 ਕੈਦੀਆਂ ਨੇ ਜੇਲ੍ਹ ਵਿੱਚ ਦਮ ਤੋੜਿਆ ਜਦਕਿ 2021 ਵਿੱਚ ਇਹ ਗਿਣਤੀ ਵੱਧ ਕੇ 46 ਹੋ ਗਈ। ਹੈਰਾਨੀ ਇਸ ਗੱਲ ਦੀ ਹੈ ਕਿ ਜੇਲ੍ਹਾਂ ਵਿੱਚ ਮਰਨ ਵਾਲੇ ਸਾਰੇ ਕੈਦੀ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਕਾਨੂੰਨੀ ਤੌਰ ‘ਤੇ ਬੇਦੋਸ਼ੇ ਸਨ। ਇਸੇ ਤਰਾਂ ਜੇਲ੍ਹ ਵਿੱਚ ਜਾਨ ਗਵਾਉਣ ਵਾਲੇ ਇਕ ਕੈਦੀ ਦੇ ਭਰਾ ਨੇ ਕਿਹਾ ਕਿ ਓਨਟਾਰੀਓ ਦੀਆਂ ਜੇਲਾਂ ਵਿੱਚ ਵਾਪਰੇ ਰਹੇ ਘਟਨਾਕ੍ਰਮ ਦੀ ਬਾਹਰੀ ਏਜੰਸੀ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ।