ਗੁਜਰਾਤ: ਆਸਾਰਾਮ ਬਾਪੂ ਨੂੰ ਇੱਕ ਮਹਿਲਾ ਸ਼ਰਧਾਲੂ ਨਾਲ ਬਲਾਤਕਾਰ ਦੇ ਮਾਮਲੇ ‘ਚ ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਜੱਜ ਡੀਕੇ ਸੋਨੀ ਨੇ ਸੋਮਵਾਰ ਨੂੰ ਆਸਾਰਾਮ ਨੂੰ ਸਾਲ 2013 ‘ਚ ਦਰਜ ਹੋਏ ਇਸ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਪਾਇਆ, ਜਦਕਿ ਆਸਾਰਾਮ ਦੀ ਪਤਨੀ ਸਣੇ 6 ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਵਕੀਲ ਨੇ ਗੁਜਰਾਤ ਅਦਾਲਤ ਨੂੰ ਦੱਸਿਆ ਕਿ ਆਸਾਰਾਮ ਇੱਕ ‘ਆਦਤਨ ਅਪਰਾਧੀ’ ਹੈ ਅਤੇ ਉਸ ਲਈ ਉਮਰ ਕੈਦ ਦੀ ਮੰਗ ਕੀਤੀ। ਉਨ੍ਹਾਂ ਮੰਗਲਵਾਰ ਨੂੰ ਗਾਂਧੀਨਗਰ ਦੀ ਇੱਕ ਅਦਾਲਤ ਵਿੱਚ ਦਾਅਵਾ ਕੀਤਾ ਕਿ 2013 ਵਿੱਚ ਇੱਕ ਸਾਬਕਾ ਮਹਿਲਾ ਸ਼ਰਧਾਲੂ ਵਲੋਂ ਦਾਇਰ ਕੀਤੇ ਗਏ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਆਸਾਰਾਮ ਬਾਪੂ ਇੱਕ “ਆਦਤਨ ਅਪਰਾਧੀ” ਹੈ। ਇਸ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਅਤੇ ਭਾਰੀ ਜੁਰਮਾਨਾ ਲਾਉਣ ਦੀ ਮੰਗ ਕੀਤੀ ਗਈ ਸੀ।
ਸੈਸ਼ਨ ਅਦਾਲਤ ਦੇ ਜੱਜ ਡੀਕੇ ਸੋਨੀ ਨੇ ਸਜ਼ਾ ‘ਤੇ ਦਲੀਲਾਂ ਸੁਣੀਆਂ ਅਤੇ ਅੰਤਿਮ ਫੈਸਲਾ 3.30 ਵਜੇ ਤੱਕ ਸੁਰੱਖਿਅਤ ਰੱਖ ਲਿਆ ਸੀ। ਦੱਸ ਦਈਏ ਕਿ ਗੁਜਰਾਤ ਦੇ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐੱਫ. ਆਈ. ਆਰ. ਮੁਤਾਬਕ ਆਸਾਰਾਮ ਬਾਪੂ ਨੇ ਸਾਲ 2001 ਤੋਂ 2006 ਦੇ ਵਿਚਾਲੇ ਔਰਤ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਸਥਿਤ ਉਸ ਦੇ ਆਸ਼ਰਮ ਦੇ ਵਿੱਚ ਰਹਿੰਦੀ ਸੀ।