ਟੋਰਾਂਟੋ: ਟੋਰਾਂਟੋ ਤੋਂ ਇੱਕ ਹੋਰ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ 10-15 ਨੌਜਵਾਨਾਂ ਨੇ ਇਕੱਠੇ ਹੋ ਕੇ ਟੀ.ਟੀ.ਸੀ ਦੇ 2 ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਟੀ.ਟੀ.ਸੀ. ਦੇ ਬੁਲਾਰੇ ਸਟੂਅਰਟ ਗਰੀਨ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਦੋ ਮੁਲਾਜ਼ਮ ਕੈਨੇਡੀ ਸਬਵੇਅ ਸਟੇਸ਼ਨ ਵੱਲ ਜਾ ਰਹੇ ਸਨ ਜਦੋਂ ਹਮਲਾ ਹੋਇਆ। ਟੋਰਾਂਟੋ ਪੁਲਿਸ ਮੁਤਾਬਕ ਇਹ ਵਾਰਦਾਤ ਅੰਗਲਿਟਨ ਐਵੇਨਿਊ ਈਸਟ ਦੇ ਦੱਖਣ ਵੱਲ ਸਥਿਤ ਕੈਨੇਡੀ ਰੋਡ ਅਤੇ ਮੈਰੀਅਨ ਰੋਡ ਇਲਾਕੇ ‘ਚ ਸੋਮਵਾਰ ਬਾਅਦ ਦੁਪਹਿਰ ਵਾਪਰੀ।
ਮੁਲਾਜ਼ਮਾਂ ਨੂੰ ਮੌਕੇ ‘ਤੇ ਐਮਰਜੈਂਸੀ ਮੈਡੀਕਲ ਸਹਾਇਤਾ ਦਿੱਤੀ ਗਈ ਜਦਕਿ ਟੀ.ਟੀ.ਸੀ. ਬੋਸ ਦਾ ਡਰਾਈਵਰ ਹਮਲੇ ਕਾਰਨ ਬਹੁਤ ਘਬਰਾਅ ਗਿਆ। ਪੁਲਿਸ ਵੱਲੋਂ ਫਿਲਹਾਲ ਮੌਕੀਆਂ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਵੀਕਐਂਡ ਦੌਰਾਨ ਵੀ ਟੀ.ਟੀ.ਸੀ. ਦੇ ਇੱਕ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਗਿਆ। ਸਟੂਅਰਟ ਗਰੀਨ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਟੀ.ਟੀ.ਸੀ. ਇਕ ਪਬਲਿਕ ਟ੍ਰਾਂਜ਼ਿਟ ਏਜੰਸੀ ਹੈ ਅਤੇ ਇਸ ਦੇ ਮੁਲਾਜ਼ਮਾਂ ਨੂੰ ਗੁੰਝਲਦਾਰ ਸਮਾਜਿਕ ਮੁੱਦਿਆਂ ਨਾਲ ਨਜਿੱਠਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਟੀ.ਟੀ.ਸੀ. ਵੱਲੋਂ ਆਪਣੇ ਮੁਲਾਜ਼ਮਾਂ ਅਤੇ ਮੁਸਾਫਰਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਕੋਈ ਆਮ ਮਸਲਾ ਨਹੀਂ ਸਗੋਂ ਇੱਕ ਵੱਡਾ ਸਮਾਜਿਕ ਮੁੱਦਾ ਹੈ ਅਤੇ ਟੀ.ਟੀ.ਸੀ. ਵੀ ਅਜਿਹੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਦਾ ਹਿੱਸਾ ਬਣਨਾ ਚਾਹੁੰਦਾ ਹੈ। ਉੱਧਰ ਟ੍ਰਾਂਜ਼ਿਟ ਮੁਲਾਜ਼ਮਾਂ ਦੀ ਯੂਨੀਅਨ ਨੇ ਕਿਹਾ ਕਿ ਇਸ ਮਾਮਲੇ ‘ਚ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ।
ਇਸੇ ਦੌਰਾਨ ਟਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਅਪਰਾਧਿਕ ਸਰਗਰਮੀਆਂ ‘ਚ ਸ਼ਮੂਲੀਅਤ ਦੀਆਂ ਘਟਨਾਵਾਂ ਚਿੰਤਾ ਪੈਦਾ ਕਰਦੀਆਂ ਹਨ। ਸਰਕਾਰਾਂ ਨੂੰ ਹਰ ਪੱਧਰ ‘ਤੇ ਮਸਲੇ ਨਾਲ ਨਜਿੱਠਣ ਲਈ ਸਮਾਜਿਕ ਅਤੇ ਮਾਨਸਿਕ ਸਿਹਤ ਦੇ ਮਾਹਰਾਂ ਦੀ ਮਦਦ ਲੈਣੀ ਚਾਹੀਦੀ ਹੈ।