ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਤੇ 108 ਫਰੀ ਐਂਬੂਲੈਂਸ ਯੂਨੀਅਨ ਦਾ ਧਰਨਾ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਯੂਨੀਅਨ ਨੇ ਸਰਕਾਰ ਨੂੰ 15 ਜਨਵਰੀ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਨਿੱਝਰ ਨੇ ਕਿਹਾ ਕਿ ਉਹ ਲਗਾਤਾਰ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੰਦੇ ਆਏ ਹਨ ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਨੇ 9 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਦੀ ਸਿਹਤ ਮੰਤਰੀ ਨਾਲ ਮੁਲਾਕਾਤ ਵੀ ਹੋਈ ਸੀ, ਪਰ ਉਹ ਬੇਸਿੱਟਾ ਰਹੀ।
ਸੂਬੇ ਭਰ ਦੇ 108 ਫਰੀ ਐਂਬੂਲੈਂਸ ਸੇਵਾ ਦੇ ਮੁਲਾਜ਼ਮ ਹੜਤਾਲ ‘ਤੇ ਹਨ ਉਨ੍ਹਾਂ ਨੇ ਪ੍ਰਸ਼ਾਸ਼ਨ ਰਾਹੀਂ ਸਰਕਾਰ ਨੂੰ 15 ਜਨਵਰੀ ਦੁਪਹਿਰ 12 ਵਜੇ ਤੱਕ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਜੇਕਰ ਇਹ ਮੁਲਾਕਾਤ ਨਹੀਂ ਹੋਈ ਤਾਂ ਸੂਬੇ ਭਰ ਦੇ ਹਾਈਵੇ ਜਾਮ ਕਰ ਦਿਤੇ ਜਾਣਗੇ। ਉਨ੍ਹਾਂ ਨੂੰ ਕਈ ਜਥੇਬੰਦੀਆਂ ਦਾ ਸਮਰਥਨ ਵੀ ਹਾਸਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਰਿਆਣਾ ਦੇ ਪੈਟਰਨ ‘ਤੇ ਮੁਲਾਜ਼ਮਾਂ ਦੀ ਤਨਖਾਹ 35 ਹਜ਼ਾਰ ਤੋਂ 40 ਹਜ਼ਾਰ ਰੁਪਏ ਕਰਨ। ਕੰਪਨੀ ਨੂੰ ਹਟਾ ਕੇ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਲਿਆਉਣ ਅਤੇ ਹਟਾਏ ਗਏ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਸਬੰਧੀ ਮੰਗਾਂ ਹਨ। ਜਦ ਕਿ ਇਸਦੇ ਉਲਟ ਸਬੰਧਤ ਕੰਪਨੀ ਵੱਲੋਂ ਨਵੇਂ ਮੁਲਾਜ਼ਮਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ।