ਸਾਊਦੀ ਅਰਬ ‘ਚ ਵਾਪਰੇ ਹਾਦਸੇ ‘ਚ ਹੋਈ ਸੀ 27 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਜੱਦੀ ਪਿੰਡ ‘ਚ ਹੋਇਆ ਸਸਕਾਰ

TeamGlobalPunjab
3 Min Read

ਅੰਮ੍ਰਿਤਸਰ – ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 27 ਸਾਲਾ ਜੋਬਨਦੀਪ ਸਿੰਘ ਦੀ ਮ੍ਰਿਤਕ ਦੇਹ ਬੀਤੇ ਦਿਨੀਂ ਸਾਊਦੀ ਅਰਬ ਤੋਂ ਬਰਾਸਤਾ ਦਿੱਲੀ, ਉਸ ਦੇ ਜੱਦੀ ਪਿੰਡ ਮੱਤੇਵਾਲ, ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਜੋਬਨਦੀਪ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਕਰੀਬ 3 ਸਾਲ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਦੁਬਈ ਦੀ ਇਕ ਕੰਪਨੀ ‘ਚ ਬਤੌਰ ਡਰਾਈਵਰ ਕੰਮ ਕਰਦਾ ਹੋਣ ਕਾਰਨ ਉਹ ਦੁਬਈ ਤੋਂ ਸਾਊਦੀ ਅਰਬ ਟਰਾਲਾ ਲੈ ਕੇ ਗਿਆ ਸੀ ਕਿ ਬੀਤੀ 20 ਮਈ ਦੀ ਰਾਤ ਨੂੰ ਅਚਾਨਕ ਉਸ ਦੇ ਟਰਾਲੇ ਦਾ ਅਗਲਾ ਟਾਇਰ ਫਟਣ ਕਾਰਨ ਹੋਏ ਹਾਦਸੇ ਦੌਰਾਨ ਟਰਾਲਾ ਪਲਟ ਗਿਆ ਸੀ ਅਤੇ ਸਿਰ ‘ਚ ਗੰਭੀਰ ਸੱਟਾਂ ਲੱਗਣ ਕਾਰਨ ਜੋਬਨਦੀਪ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨਾਲ ਜੋਬਨਦੀਪ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਮਜੀਠਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੋਨ ‘ਤੇ ਸੰਪਰਕ ਕਰ ਕੇ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ‘ਚ ਸਹਿਯੋਗ ਕਰਨ ਲਈ ਕਿਹਾ ਸੀ। ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਊਦੀ ਅਰਬ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤੇ ਭਾਰਤੀ ਦੂਤਾਵਾਸ ਨੇ ਜੋਬਨ ਦੇ ਮ੍ਰਿਤਕ ਸਰੀਰ ਨੂੰ ਸਾਊਦੀ ਅਰਬ ਤੋਂ ਬਰਾਸਤਾ ਦੁਬਈ ਬੀਤੇ ਦਿਨੀਂ ਤੜਕਸਾਰ ਦਿੱਲੀ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਦਿੱਲੀ ਏਅਰਪੋਰਟ ‘ਤੇ ਟਰੱਸਟ ਦੀ ਪਾਣੀਪਤ ਇਕਾਈ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਨੇ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਟਰੱਸਟ ਵੱਲੋਂ ਪਟਿਆਲੇ ਤੋਂ ਦਿੱਲੀ ਭੇਜੀ ਗਈ ਵੱਡੀ ਅੰਤਿਮ ਯਾਤਰਾ ਵੈਨ ਰਾਹੀਂ ਮ੍ਰਿਤਕ ਸਰੀਰ ਨੂੰ ਜੋਬਨ ਦੇ ਜੱਦੀ ਪਿੰਡ ਮੱਤੇਵਾਲ ਵਿਖੇ ਭੇਜ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੋਬਨਦੀਪ ਦੀ ਮ੍ਰਿਤਕ ਦੇਹ ਭੇਜਣ ‘ਚ ਉਸ ਦੀ ਕੰਪਨੀ ਨੇ ਵੀ ਜਿੱਥੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਉੱਥੇ ਭਰੋਸਾ ਵੀ ਦਿੱਤਾ ਹੈ ਕਿ ਉਹ ਉਸ ਦੀ ਇੰਸ਼ੋਰੈਂਸ ਆਦਿ ਦੀ ਰਕਮ ਉਸਦੇ ਮਾਪਿਆਂ ਨੂੰ ਦਵਾਉਣ ਲਈ ਹਰ ਸੰਭਵ ਯਤਨ ਕਰਨਗੇ।

- Advertisement -

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਣ ਤੋਂ ਉਨ੍ਹਾਂ ਟਰੱਸਟ ਮੁਖੀ ਡਾ.ਓਬਰਾਏ ਨਾਲ ਸਲਾਹ ਕਰਕੇ ਟਰੱਸਟ ਵੱਲੋਂ ਪੀੜਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ।

Share this Article
Leave a comment