ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿਚ ਕਿੰਨਾ ਵੱਡਾ ਹੁੰਗਾਰ ਮਿਲ ਰਿਹਾ ਹੈ? ਆਪਣੇ-ਆਪ ਵਿਚ ਇਹ ਵੱਡਾ ਸਵਾਲ ਹੈ ਜਿਹੜਾ ਕਿ ਰਾਹੁਲ ਦੇ ਹਮਾਇਤੀਆਂ ਅਤੇ ਵਿਰੋਧੀਆਂ ਵੱਲੋਂ ਪੂਰੀ ਤਰ੍ਹਾਂ ਰਿੜਕਿਆ ਜਾ ਰਿਹਾ ਹੈ। ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਹਰਿਮੰਦਿਰ ਸਾਹਿਬ ਜਾ ਕੇ ਨਤਮਸਤਕ ਹੋਏ ਸਨ। ਉਹਨਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਹਿਬ ਦੀ ਪਵਿੱਤਰ ਧਰਤੀ ਤੋਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਕੀਤੀ। ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਚਲ ਰਹੇ ਕਾਫਿਲੇ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਇਕੱਠ ਉਚੇਚੇ ਤੋਰ ਤੇ ਇਕੱਠਾ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਵਿਚ ਭਾਰਤ ਜੋੜੋ ਯਾਤਰਾ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖੁਸ਼ ਹਨ। ਉਹਨਾਂ ਵੱਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਆਨੰਦ ਵੀ ਮਾਣਿਆ ਹੈ। ਪੰਜਾਬ ਦੀ ਕਾਂਗਰਸ ਵਿਚ ਧੜੇਬੰਦੀ ਤੋਂ ਇਨਕਾਰ ਨਹੀਂ ਕੀਤਾ ਸਕਦਾ ਪਰ ਭਾਰਤ ਜੋੜੋ ਯਾਤਰਾ ਲਈ ਸਾਰੇ ਕਾਂਗਰਸ ਦੇ ਆਗੂ ਅਤੇ ਵਰਕਰ ਸਰਗਰਮੀ ਨਾਲ ਲੱਗੇ ਹੋਏ ਹਨ। ਮਸਾਲ ਵਜੋਂ ਮਾਲਵੇ ਦੇ ਜਿਹੜੇ ਜਿਲ੍ਹਿਆਂ ਅੰਦਰ ਯਾਤਰਾ ਨਹੀਂ ਗਈ, ਉਹਨਾਂ ਇਲਾਕਿਆਂ ਦੇ ਕਾਂਗਰਸੀ ਵੱਡੀ ਗਿਣਤੀ ਵਿਚ ਯਾਤਰਾ ਵਿਚ ਆ ਕੇ ਜੁੜ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਅੰਦਰ ਕਾਫੀ ਮਾਯੂਸੀ ਦੀ ਹਾਲਤ ਬਣੀ ਹੋਈ ਸੀ। ਖਾਸਤੌਰ ਤੇ ਕਾਂਗਰਸ ਦੇ ਕਈ ਸਾਬਕਾ ਕੈਬਨਿਟ ਮੰਤਰੀਆਂ ਉਪਰ ਭ੍ਰਿਸਟਾਚਾਰ ਦੇ ਕੇਸ ਬਣਨ ਕਾਰਨ ਪਾਰਟੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਕਿਹਾ ਜਾ ਸਕਦਾ ਹੈ ਕਿ ਇਹੋ ਜਹੀਆਂ ਪ੍ਰਸਥਿਤੀਆਂ ਵਿਚ ਪੰਜਾਬ ਕਾਂਗਰਸ ਨੂੰ ਭਾਰਤ ਜੋੜੋ ਯਾਤਰਾ ਨੇ ਹੁੰਗਾਰਾ ਦਿੱਤਾ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਾਰਟੀ ਦੀ ਪੰਜਾਬ ਲੀਡਰਸ਼ਿਪ ਇਸ ਹੁੰਗਾਰੇ ਨੂੰ ਅੱਗੇ ਲੈਜਾ ਸਕਦੀ ਹੈ ਜਾਂ ਨਹੀਂ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਭ ਤੋਂ ਵੱਡਾ ਪਹਿਲੂ ਆਰ.ਐੱਸ.ਐੱਸ ਅਤੇ ਭਾਜਪਾ ਉਪਰ ਲਗਾਤਾਰ ਤਿੱਖਾ ਹਮਲਾ ਹੈ। ਹਾਲਾਂਕਿ ਪੰਜਾਬ ਅੰਦਰ ਅਕਾਲੀ ਦਲ ਵੱਲੋਂ ਲਗਾਤਾਰ 1984 ਦੇ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੇ ਸਵਾਲ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਰਾਹੁਲ ਗਾਂਧੀ ਆਪਣੇ ਨਿਸ਼ਾਨੇ ਤੋਂ ਥਿੜਕਦਾ ਨਜ਼ਰ ਨਹੀਂ ਆ ਰਿਹਾ। ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੇ ਜਵਾਬ ਵਿਚ ਭਾਜਪਾ ਦਾ ਕਹਿਣਾ ਹੈ ਕਿ ਇਹ ਤਾਂ ਟੁੱਟੀ ਹੋਈ ਕਾਂਗਰਸ ਨੂੰ ਜੋੜਨ ਵਾਲੀ ਯਾਤਰਾ ਹੈ। ਇਹਨਾਂ ਸਾਰੇ ਸਵਾਲਾਂ ਵਿਚੋਂ ਭਾਰਤ ਜੋੜੋ ਯਾਤਰਾ ਅੱਗੇ ਵੱਧ ਰਹੀ ਹੈ ਅਤੇ ਕਈ ਵਾਰ ਜਦੋਂ ਸਾਬਕਾ ਪਾਰਲੀਮੈਂਟ ਮੈਂਬਰ ਧਰਮਵੀਰ ਗਾਂਧੀ ਜਾਂ ਕੁੱਝ ਹੋਰ ਆਗੂ ਯਾਤਰਾ ਵਿਚ ਜੁੜਦੇ ਹਨ ਤਾਂ ਇਸ ਨਾਲ ਯਾਤਰਾ ਨੂੰ ਬਲ ਵੀ ਮਿਲਦਾ ਹੈ। ਪੰਜਾਬ ਵਿਚ ਵੀ ਰਾਹੁਲ ਨੇ ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੇ ਸਕੰਟ ਦਾ ਸਾਹਮਣਾ ਕਰ ਰਹੇ ਭਾਰਤ ਲਈ ਕੇਂਦਰ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਾਂਗਰਸ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨਾ ਤਾਂ ਰਾਹੁਲ ਗਾਂਧੀ ਨੂੰ ਅੱਗੇ ਲਿਆਉਣ ਦੀ ਮੁਹਿੰਮ ਹੈ ਅਤੇ ਨਾ ਹੀ ਕਾਂਗਰਸ ਪਾਰਟੀ ਦੇ ਹੱਕ ਵਿਚ ਮੁਹਿੰਮ ਹੈ ਸਗੋਂ ਇਹ ਤਾਂ ਦੇਸ਼ ਅੰਦਰ ਨਫ਼ਰਤ ਫੈਲਾ ਰਹੀਆਂ ਧਿਰਾਂ ਨੂੰ ਰੋਕਣ ਵਾਲੀ ਮੁਹਿੰਮ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਰਤ ਜੋੜੋ ਯਾਤਰਾ ਦੀ ਸੁਰੱਖਿਆ ਲਈ ਕਰੜੇ ਇੰਤਜਾਮ ਕੀਤੇ ਗਏ ਹਨ। ਇਸ ਦੇ ਨਾਲ ਨਾਲ ਆਪ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿਚ ਇਸ ਯਾਤਰਾ ਨਾਲ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ।
ਭਾਰਤ ਜੋੜੋ ਯਾਤਰਾ ਪੰਜਾਬ ਵਿਚ 11 ਜਨਵਰੀ ਨੂੰ ਸ਼ੁਰੂ ਹੋਈ ਹੈ ਅਤੇ ਅੱਜ ਇਸ ਦਾ ਪੜਾਅ ਲੁਧਿਆਣਾ ਵਿਚ ਰੱਖਿਆ ਗਿਆ ਹੈ। ਭਲਕੇ 13 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਦਾ ਕੋਈ ਪ੍ਰੋਗਰਾਮ ਨਹੀਂ ਹੈ ਸਗੋਂ 14 ਜਨਵਰੀ ਨੂੰ ਸਵੇਰੇ 6 ਵਜੇ ਲੁਧਿਆਣਾ ਤੋਂ ਸ਼ੁਰੂ ਹੋਵੇਗੀ। ਇਸ ਤਰ੍ਹਾਂ ਦੁਆਬਾ ਅਤੇ ਮਾਝਾ ਵਿਚ ਦੀ ਹੁੰਦੀ ਹੋਈ ਭਾਰਤ ਜੋੜੋ ਯਾਤਰਾ 19 ਜਨਵਰੀ ਨੂੰ ਪਠਾਨਕੋਟ ਵਿਖੇ ਦੁਪਹਿਰ ਦੀ ਰੈਲੀ ਬਾਅਦ ਪੰਜਾਬ ਵਿਚੋਂ ਅਗਲੇ ਸੂਬੇ ਵਿਚ ਦਾਖ਼ਲ ਹੋ ਜਾਵੇਗੀ।