ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਟਰੱਕ ਆਪਰੇਟਰਾਂ ਦੀਆਂ ਅਦਾਇਗੀਆਂ 31 ਜਨਵਰੀ ਤੱਕ ਕੀਤੇ ਜਾਣ ਦੇ ਹੁਕਮ

Global Team
2 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਭਲਾਈ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਇਹ ਵਿਚਾਰ ਅੱਜ ਸੈਕਟਰ 39 ਦੇ ਅਨਾਜ ਭਵਨ ਵਿਖੇ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਟਰੱਕ ਆਪ੍ਰੇਟਰਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ।

ਇਸ ਦੌਰਾਨ ਕਟਾਰੂਚੱਕ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਟਰੱਕ ਆਪਰੇਟਰਾਂ ਨੂੰ ਬਣਦੀਆਂ ਅਦਾਇਗੀਆਂ 31 ਜਨਵਰੀ, 2023 ਤੱਕ ਹਰ ਹਾਲਾਤ ਵਿੱਚ ਅਦਾ ਕਰ ਦਿੱਤੀਆਂ ਜਾਣ ਅਤੇ ਇਸ ਸਬੰਧੀ ਸਾਰੇ ਜ਼ਿਲਿ੍ਹਆਂ ਨੂੰ ਹਦਾਇਤਾਂ ਕੀਤੀਆਂ ਜਾਣ ਤਾਂ ਜੋ ਇਸ ਵਰਗ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਨੇ ਟਰੱਕ ਆਪ੍ਰੇਟਰਾਂ ਨੂੰ 3 ਮੈਂਬਰੀ ਕਮੇਟੀ ਬਣਾਉਣ ਲਈ ਵੀ ਕਿਹਾ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਮਸਲੇ ਸਬੰਧੀ ਖੁੱਲ੍ਹ ਕੇ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਰੇ ਟਰੱਕਾਂ ਵਿੱਚ ਛੇਤੀ ਹੀ ਜੀ.ਪੀ.ਐਸ. ਪ੍ਰਣਾਲੀ ਲਗਾਈ ਜਾਵੇਗੀ ਤਾਂ ਜੋ ਕੰਮਕਾਜ ਵਿੱਚ ਹੋਰ ਵੀ ਪਾਰਦਰਸ਼ਤਾ ਲਿਆਂਦੀ ਜਾ ਸਕੇ।

ਇਸ ਮੌਕੇ ਆਪ੍ਰੇਟਰਾਂ ਵੱਲੋਂ ਕਲੱਸਟਰ ਪ੍ਰਣਾਲੀ ਦੀ ਥਾਂ ‘ਤੇ ਮਾਰਕੀਟ ਕਮੇਟੀਆਂ ਵਿੱਚ ਟੈਂਡਰ ਸਿਰਫ਼ ਟਰੱਕ ਆਪ੍ਰੇਟਰਾਂ ਨੂੰ ਅਲਾਟ ਕਰਨ, ਗੁਦਾਮਾਂ ਤੱਕ ਪਹੁੰਚ ਸੜਕਾਂ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਐਸ.ਓ.ਆਰ. ਰੇਟਾਂ ਵਿੱਚ ਵਾਧਾ ਕਰਨ ਸਬੰਧੀ ਰੱਖੀਆਂ ਗਈਆਂ ਮੰਗਾਂ ਉੱਤੇ ਮੰਤਰੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਵਿਭਾਗ ਦੇ ਡਾਇਰੈਕਟਰ ਅਮਰਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ ਵੀ ਮੌਜੂਦ ਸਨ।

Share This Article
Leave a Comment