ਸੈਨ ਫਰਾਂਸਿਸਕੋ: ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ‘ਤੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। 41 ਸਾਲ ਦੇ ਡਾ. ਧਰਮੇਸ਼ ਅਰਵਿੰਦ ਪਟੇਲ ਨੇ ਜਾਣਬੁੱਝ ਕੇ ਆਪਣੀ ਕਾਰ 250 ਫੁੱਟ ਉੱਚੇ ਪਹਾੜ ਤੋਂ ਹੇਠਾਂ ਸੁੱਟ ਦਿੱਤੀ ਪਰ ਵੱਡੇ ਪੱਧਰ ‘ਤੇ ਚਲਾਏ ਰਾਹਤ ਕਾਰਜਾਂ ਸਦਕਾ ਉਸ ਦੀ ਪਤਨੀ ਨੇਹਾ ਅਤੇ ਦੋ ਬੱਚਿਆਂ ਦੀ ਜਾਨ ਬਚ ਗਈ।
ਪਾਸਾਡੀਨਾ ਦੇ ਡਾ. ਧਰਮੇਸ਼ ਪਟੇਲ ਨੂੰ ਫ਼ਿਲਹਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਛੁੱਟੀ ਮਿਲਣ ਤੋਂ ਬਾਅਦ ਸੈਨ ਮੈਟੀਓ ਕਾਊਂਟੀ ਜੇਲ੍ਹ ਵਿਚ ਲਿਜਾਇਆ ਜਾਵੇਗਾ। ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਜਾਂਚਕਰਤਾਵਾਂ ਵੱਲੋਂ ਲਗਾਤਾਰ ਮਾਮਲੇ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬਤੌਰ ਗਵਾਹ ਸ਼ਾਮਲ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਵਾਪਰੀ ਘਟਨਾ ਤੋਂ ਤੁਰੰਤ ਬਾਅਦ ਕਾਰ ‘ਚ ਸਵਾਰ ਚਾਰੇ ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਗਈ ਪਰ ਰਾਹਤ ਟੀਮ ਦੇ ਮੈਂਬਰ ਉਨ੍ਹਾਂ ਤੱਕ ਪੁੱਜੇ ਤਾਂ ਸਾਰੇ ਹੋਸ਼ ‘ਚ ਸਨ। ਕੈਲੇਫੋਰਨੀਆ ਫਾਇਰ ਸਰਵਿਸ ਦੇ ਬਾਇਨ ਪੋਟੇਂਗਰ ਨੇ ਕਿਹਾ ਕਿ ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਇਸ ਜਗ੍ਹਾ ਨੂੰ ‘ਲੈਵਿਲਜ਼ ਸਾਈਡ’ ਆਖਿਆ ਜਾਂਦਾ ਹੈ ਅਤੇ ਅੱਜ ਤੱਕ ਇਥੋਂ ਡਿੱਗਿਆ ਕੋਈ ਵਿਅਕਤੀ ਜਿਊਂਦਾ ਨਹੀਂ ਬਚਿਆ।
ਪਹਾੜ ਤੋਂ ਕਾਰ ਡਿੱਗਣ ਬਾਰੇ ਪਹਿਲੀ ਸ਼ਿਕਾਇਤ ਸੋਮਵਾਰ ਸਵੇਰੇ ਸਵਾ ਦਸ ਵਜੇ ਮਿਲੀ ਅਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਕੋਈ ਬਚ ਸਕਿਆ ਹੋਵੇਗਾ ਫਾਇਰ ਫਾਈਟਰਜ਼ ਵੱਲੋਂ ਰੱਸੀਆਂ ਰਾਹੀਂ ਹੇਠਾਂ ਉਤਰਨ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਦੂਜੇ ਪਾਸੇ ਦੂਰਬੀਨ ਨਾਲ ਕਾਰ ‘ਤੇ ਨਜ਼ਰ ਰੱਖ ਰਹੇ ਰਾਹਤ ਕਾਮਿਆਂ ਨੂੰ ਹਿਲਜੁਲ ਨਜ਼ਰ ਆਈ। ਤੇਜ਼ ਹਵਾਵਾਂ ਕਾਰਨ ਹੇਠਾਂ ਉਤਰਨਾ ਮੁਸ਼ਕਲ ਹੋ ਰਿਹਾ ਸੀ ਜਿਸ ਨੂੰ ਵੇਖਦਿਆਂ ਦੂਜੇ ਪਾਸਿਓਂ ਹੈਲੀਕਾਪਟਰ ਸੱਦਿਆ ਗਿਆ। ਕਾਰ ਐਨੀ ਜ਼ਿਆਦਾ ਟੁੱਟ ਚੁੱਕੀ ਸੀ ਕਿ ਪਿਛਲੀ ਸੀਟ ‘ਤੇ ਮੌਜੂਦ ਬੱਚਿਆਂ ਨੂੰ ਬੇਹੱਦ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।
ਦੱਸਣਯੋਗ ਹੈ ਕਿ 2018 ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਛੇ ਗੋਦ ਲਏ ਬੱਚਿਆਂ ਨਾਲ ਆਪਣੀ ਗੱਡੀ ਪਹਾੜ ਤੋਂ ਹੇਠਾਂ ਸੁੱਟ ਦਿੱਤੀ ਸੀ। ਮੈਡੋਸੀਨੋ ਕਾਊਂਟੀ ਵਿਚ ਵਾਪਰੀ ਘਟਨਾ ਦੌਰਾਨ ਕੋਈ ਜਿਊਂਦਾ ਨਹੀਂ ਸੀ ਬਚਿਆ।