ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਮਾਗਮਾਂ ‘ਤੇ ਖਰਚੇ 1.47 ਕਰੋੜ ਰੁਪਏ ਆਪਣੇ ਪੁੱਤਰ ਦੇ ਵਿਆਹ ‘ਤੇ ਅਡਜਸਟ ਕਰਨ ਦੇ ਇਲਜ਼ਾਮਾਂ ਨੂੰ ਸਿਰੇ ਨੂੰ ਨਕਾਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੇਰੇ ਖਿਲਾਫ਼ ਸਾਜਿਸ਼ ਰਚੀ ਜਾ ਰਹੀ ਹੈ। ਸਰਕਾਰ ਮੈਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਲੜਕੇ ਦੇ ਵਿਆਹ ਤੇ ਚਮਕੌਰ ਸਾਹਿਬ ‘ਚ ਹੋਏ ਦਾਸਤਾਨ-ਏ-ਸ਼ਹਾਦਤ ਦੇ ਸਮਾਗਮਾਂ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ। ਮੇਰੇ ਲੜਕੇ ਦਾ ਵਿਆਹ 10 ਅਕਤੂਬਰ 2021 ਨੂੰ ਹੋਇਆ ਸੀ ਜਦਕਿ ਸਮਾਗਮ 19 ਅਕਤੂਬਰ 2021 ਨੂੰ ਕਰਵਾਏ ਗਏ ਸਨ। ਚੰਨੀ ਨੇ ਕਿਹਾ ਕਿ ਸਮਾਗਮਾਂ ਦੇ ਪੈਸਿਆਂ ਨਾਲ ਹੇਰਾਫੇਰੀ ਕਰਨ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ।
ਸਮਾਗਮਾਂ ਦੇ ਸਰਕਾਰੀ ਪੈਸੇ ਆਪਣੇ ਲੜਕੇ ਦੇ ਵਿਆਹ ‘ਤੇ ਅਡਜਸਟ ਕਰਨ ਦੇ ਚਰਨਜੀਤ ਸਿੰਘ ਚੰਨੀ ‘ਤੇ ਇਲਜ਼ਾਮ ਬਠਿੰਡਾ ਦੇ ਪਿੰਡ ਭਾਗੂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਲਾਏ ਹਨ। ਰਾਜਵਿੰਦਰ ਸਿੰਘ ਨੇ ਇਸ ਸਬੰਧੀ ਸਾਰੇ ਦਸਤਾਵੇਜ਼ ਪੰਜਾਬ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਨੂੰ ਭੇਜ ਦਿੱਤੇ ਹਨ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਮਾਗਮ ’ਤੇ ਸਾਧਾਰਨ ਨਾਲੋਂ 20 ਗੁਣਾ ਜ਼ਿਆਦਾ ਰੇਟਾਂ ’ਤੇ ਕੰਮ ਅਲਾਟ ਕੀਤਾ ਗਿਆ। ਆਰਜ਼ੀ ਸਟੇਜ ’ਤੇ 97 ਲੱਖ ਰੁਪਏ ਦਾ ਖਰਚ ਕੀਤਾ ਗਿਆ, ਚਾਹ ਦੇ ਕੱਪ ਦਾ ਖਰਚ 2 ਹਜ਼ਾਰ ਰੁਪਏ ਪ੍ਰਤੀ ਕੱਪ, ਖਾਣੇ ਦੀ ਪਲੇਟ ’ਤੇ ਵੀ 2 ਹਜ਼ਾਰ ਰੁਪਏ ਪ੍ਰਤੀ ਵਿਅਕਤੀ, ਪੂਰੀ ਛੋਲਿਆਂ ਦੀ ਪਲੇਟ ਦਾ ਖਰਚ 250 ਰੁਪਏ ਪ੍ਰਤੀ ਪਲੇਟ ਦਿਖਾਇਆ ਗਿਆ।