ਨਿਊਜ਼ ਡੈਸਕ: ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਹੋਏ ਭਾਰੀ ਵਾਧੇ ਤੋਂ ਬਾਅਦ ਹਸਪਤਾਲ ‘ਚ ਥਾਂ ਨਹੀਂ ਬਚੀ ਹੈ। ਪੂਰੇ ਚੀਨ ਵਿੱਚ ਕਈ ਜ਼ਰੂਰੀ ਦਵਾਈਆਂ ਦੀ ਘਾਟ ਹੈ, ਜੋ ਲੋਕ ਘਰ ਬੈਠੇ ਇਲਾਜ ਕਰਵਾ ਰਹੇ ਹਨ, ਉਨ੍ਹਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਮਸ਼ਾਨਘਾਟ ਦੇ ਬਾਹਰ ਅੰਤਿਮ ਸਸਕਾਰ ਕਰਨ ਲਈ ਲੋਕਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਹਾਲਾਤ ਇਹ ਬਣ ਗਏ ਹਨ ਕਿ ਚੀਨ ਵਿਚ ਪਿਛਲੇ 30 ਸਾਲਾਂ ਵਿਚ ਅਜਿਹੀ ਤਬਾਹੀ ਨਹੀਂ ਦੇਖੀ ਗਈ।
ਉੱਥੇ ਹੀ ਦੂਜੇ ਪਾਸੇ ਦਵਾਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀਆਂ ਵਿੱਚ ਓਵਰਟਾਈਮ ਕੀਤਾ ਜਾ ਰਿਹਾ ਹੈ। ਚੀਨ ਦੀ ਸਰਕਾਰ ਨੇ ਬੁਖਾਰ, ਸਰੀਰ ਦਰਦ ਅਤੇ ਸਿਰ ਦਰਦ ਲਈ ਮੁਫਤ ਦਵਾਈਆਂ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ਆਪਣੇ ਗੁਆਂਢੀ ਨੂੰ ਮੁਸੀਬਤ ‘ਚ ਘਿਰਦਾ ਦੇਖ ਭਾਰਤ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਡਰੱਗ ਨਿਰਮਾਤਾਵਾਂ ‘ਚੋਂ ਇਕ ਭਾਰਤ ਨੇ ਕੋਰੋਨਾ ਨਾਲ ਜੂਝ ਰਹੇ ਚੀਨ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ ਚੀਨ ਨੂੰ ਬੁਖਾਰ ਦੀਆਂ ਦਵਾਈਆਂ ਦੇਣ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦੀ ਮਦਦ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਅਸੀਂ ਚੀਨ ‘ਚ ਕੋਵਿਡ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਚੀਨ ਨੂੰ ਦਵਾਈ ਭੇਜਣ ਦੇ ਸਵਾਲ ‘ਤੇ ਉਨ੍ਹਾਂ ਕਿਹਾ, ਅਸੀਂ ਦੁਨੀਆ ਦੀ ਫਾਰਮੇਸੀ ਦੇ ਤੌਰ ‘ਤੇ ਹਮੇਸ਼ਾ ਦੂਜੇ ਦੇਸ਼ਾਂ ਦੀ ਮਦਦ ਕੀਤੀ ਹੈ।