ਅਮਰੀਕਾ ਤੇ ਕੈਨੇਡਾ ‘ਚ ਲਗਾਤਾਰ ਵੱਧ ਰਿਹੈ ਮੌਤਾਂ ਦਾ ਅੰਕੜਾ, ਇੱਕ ਹੋਰ ਆਫ਼ਤ ਦੀ ਚਿਤਾਵਨੀ ਜਾਰੀ

Global Team
2 Min Read

ਨਿਊਯਾਰਕ: ਅਮਰੀਕਾ-ਕੈਨੇਡਾ ‘ਚ ਮੁੜ ਬਰਫ਼ਬਾਰੀ ਤੇ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬਰਫ਼ੀਲੇ ਤੂਫਾਨ ਦਾ ਸ਼ਿਕਾਰ ਨਿਊਯਾਰਕ ਦੇ ਪੱਛਮੀ ਇਲਾਕਿਆਂ ਵਿਚ ਹੋਰ ਬਰਫ਼ ਪੈਣ ਦੀ ਚਿਤਾਵਨੀ ਦਿਤੀ ਗਈ ਹੈ ਜਦਕਿ ਬੀ.ਸੀ. ਵਿਚ 120 ਐਮ.ਐਮ. ਤੱਕ ਮੀਹ ਤੋਂ ਬਾਅਦ ਹੜ੍ਹ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।

ਅਮਰੀਕਾ ਵਿਚ ਬਰਫ਼ੀਲੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੋਂ ਟੱਪ ਚੁੱਕੀ ਹੈ ਅਤੇ ਜ਼ਿਆਦਾਤਰ ਮੌਤਾਂ ਨਿਊਯਾਰਕ ਦੀ ਇਅਰੀ ਕਾਉਂਟੀ ‘ਚ ਹੋਈਆਂ। ਬਫਲੋ ਦੇ ਮੇਅਰ ਬਾਇਰੌਨ ਬ੍ਰਾਊਨ ਨੇ ਕਿਹਾ ਕਿ ਬਰਫ਼ਬਾਰੀ ਕਾਰਨ ਕਈ ਫਾਇਰ ਟਰੱਕ ਫਸ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਰੜੀ ਮੁਸ਼ੱਕਤ ਕਰਨੀ ਪਈ। ਇਥੋਂ ਤੱਕ ਕਿ ਕਈ ਥਾਵਾਂ ‘ਤੇ ਰਾਹਤ ਕਾਰਜਾਂ ‘ਚ ਲੱਗੀਆਂ ਟੀਮਾਂ ਲਈ ਵੀ ਬਚਾਅ ਕਾਮੇ ਭੇਜਣੇ ਪਏ। ਬਫਲੋ ਦੇ ਪੁਲਿਸ ਕਮਿਸ਼ਨਰ ਜੋਸਫ ਗਾਮਾਲੀਆ ਨੇ ਦੱਸਿਆ ਕਿ ਕੁਝ ਪੁਲਿਸ ਅਫ਼ਸਰਾਂ ਨੂੰ ਸਨੋਅ ਮੋਬਾਈਲਜ਼ ਦੇ ਕੇ ਭੇਜਿਆ ਗਿਆ ਅਤੇ ਕਈਆਂ ਨੇ ਆਪਣੀ ਜੇਬ ਵਿਚੋਂ ਸਾਜ਼ੋ ਸਮਾਨ ਖਰੀਦ ਕੇ ਘਰਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਯਤਨਾਂ ਵਿਚ ਯੋਗਦਾਨ ਪਾਇਆ। ਸੜਕਾਂ ਤੋਂ ਬਰਫ਼ ਹਟਾਏ ਜਾਣ ਮਗਰੋਂ ਗੱਡੀਆਂ ਵਿਚ ਸਵਾਰ ਪੁਲਿਸ ਅਫ਼ਸਰ ਵੀ ਮਦਦ ਵਾਸਤੇ ਪਹੁੰਚ ਗਏ।

ਲਗਭਗ 10 ਹਜ਼ਾਰ ਘਰਾਂ ‘ਚ ਹੁਣ ਵੀ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ ਅਤੇ ਮਾਈਨਸ ‘ਚ ਟੈਂਪਰੇਚਰ ‘ਚ ਉਹ ਲੋਕ ਸਮਾਂ ਲੰਘਾਉਣ ਲਈ ਮਜਬੂਰ ਹਨ। ਇਸੇ ਦੌਰਾਨ ਨਿਊਯਾਰਕ ਦੇ ਸੂਬਾ ਅਧਿਕਾਰੀਆਂ ਨੇ ਲੋਕਾਂ ਨੂੰ ਡਰਾਈਵਿੰਗ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਹਾਈਵੇਜ਼ ਹੁਣ ਵੀ ਬੰਦ ਹਨ ਅਤੇ ਆਵਾਜਾਈ ਲਈ ਪੂਰੀ ਤਰਾਂ ਤਿਆਰ ਹੋਣ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਸੋਮਵਾਰ ਨੂੰ ਨਾਸਾਓ ਕਾਉਂਟੀ ਤੋਂ ਦੋ ਦਰਜਨ ਮੁਲਾਜ਼ਮਾਂ ਨੂੰ ਬਫਲੋ ਪੁਲਿਸ ਦੀ ਮਦਦ ਲਈ ਭੇਜਿਆ ਗਿਆ। ਇਹ ਮੁਲਾਜ਼ਮ ਲਗਾਤਾਰ ਤਿੰਨ ਦਿਨ ਮਦਦ ਕਰਨਗੇ ਅਤੇ ਸੜਕਾਂ ਨੂੰ ਆਵਾਜਾਈ ਯੋਗ ਬਣਾਉਣ ਤੋਂ ਇਲਾਵਾ ਲੋਕਾਂ ਦੀ ਮਦਦ ‘ਚ ਯੋਗਦਾਨ ਪਾਇਆ ਜਾਵੇਗਾ। ਦੂਜੇ ਪਾਸੇ ਬਫਲੋ ਦਾ ਹਵਾਈ ਅੱਡਾ ਮੰਗਲਵਾਰ ਤੱਕ ਬੰਦ ਰਹੇਗਾ। ਕੈਨੇਡਾ ਦਾ ਜ਼ਿਕਰ ਕੀਤਾ ਜਾਵੇ ਤਾਂ ਬੀ.ਸੀ. ਦੇ ਦੱਖਣ ਪੱਛਮੀ ਇਲਾਕਿਆਂ ਵਿਚ 60 ਐਮ.ਐਮ. ਤੋਂ 120 ਐਮ.ਐਮ. ਬਾਰਸ਼ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

Share This Article
Leave a Comment