ਮੋਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਸੂਬੇ ਦੇ ਹਰ ਇੱਕ ਵਰਗ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਇੱਕ ਤੋਂ ਬਾਅਦ ਇੱਕ ਲੋਕ ਹਿੱਤੀ ਫੈਸਲੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਹੁਣ ਲੋਕਾਂ ਦੀ ਆਪਣੀ ਸਰਕਾਰ ਆ ਚੁੱਕੀ ਹੈ ਜਿਸ ਵਿੱਚ ਕਿਸੇ ਵੀ ਵਰਗ ਨਾਲ ਬੇਇਨਸਾਫ਼ੀ ਵਾਲਾ ਰਵੱਈਆ ਨਹੀਂ ਅਪਣਾਇਆ ਜਾ ਰਿਹਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੋਗਾ ਦੇ ਲੋੜਵੰਦ ਸਵੈ ਸਹਾਇਤਾ ਸਮੂਹਾਂ ਨੂੰ 5 ਹੈਚਿੰਗ ਮਸ਼ੀਨਾਂ ਦੀ ਵੰਡ ਮੌਕੇ ਕੀਤਾ। ਆਈ.ਐਸ.ਐਫ਼ ਕਾਲਜ ਘੱਲ ਕਲਾਂ (ਮੋਗਾ) ਵਿਖੇ ਰੱਖੇ ਗਏ ਐਨ.ਆਰ.ਆਈ. ਮਿਲਨੀ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਵੰਡ ਕੀਤੀ ਗਈ। ਇਨ੍ਹਾਂ ਸਮੂਹਾਂ ਵਿੱਚ ਬਾਬਾ ਜੀਵਨ ਸਿੰਘ, ਨੱਥੂਵਾਲਾ ਗਰਬੀ ਬਲਾਕ ਬਾਘਾਪੁਰਾਣਾ, ਬਾਬਾ ਜੀਵਨ ਸਿੰਘ ਮੱਲਕੇ ਬਲਾਕ ਬਾਘਾਪੁਰਾਣਾ, ਗੁਰੂ ਰਾਮਦਾਸ ਸਮੂਹ ਆਲਮ ਵਾਲਾ ਬਲਾਕ ਬਾਘਾਪੁਰਾਣਾ, ਏਕਨੂ ਸਮੂਹ ਢੋਲੇ ਵਾਲਾ ਬਲਾਕ ਕੋਟ ਈਸੇ ਖਾਂ ਅਤੇ ਨੂਰ ਆਜੀਵਿਕਾ ਸਮੂਹ ਚੰਦ ਨਵਾਂ ਬਲਾਕ ਮੋਗਾ-2 ਦੇ ਸਵੈ ਸਹਾਇਤਾ ਗਰੁੱਪ ਸ਼ਾਮਿਲ ਹਨ। ਇਸ ਤੋਂ ਇਲਾਵਾ ਅੱਜ ਮੰਤਰੀ ਵੱਲੋਂ 36 ਸਵੈ ਸਹਾਇਤਾ ਸਮੂਹਾਂ ਨੂੰ 7 ਲੱਖ 20 ਹਜ਼ਾਰ ਦਾ ਰਿਵਾਲਵਿੰਗ ਫੰਡ ਵੰਡਿਆ ਗਿਆ। 5 ਸਵੈ ਸਹਾਇਤਾ ਸਮੂਹਾਂ ਨੂੰ 2 ਲੱਖ 50 ਹਜ਼ਾਰ ਦਾ ਕਮਿਊਨਿਟੀ ਇੰਨਵੈਸਟਮੈਂਟ ਫੰਡ ਵੀ ਵੰਡਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਵੱਲੋਂ ਅਤੇ ਐਸ.ਆਰ.ਐਲ.ਐੱਮ ਦੇ ਏ.ਸੀ.ਈ.ਓ. ਸੁਰਿੰਦਰਪਾਲ ਆਂਗਰਾ ਵੱਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਨੂੰ ਚੂਚਿਆ ਦੇ ਪਾਲਣ-ਪੋਸ਼ਣ ਦੀ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਸੀ। ਇਨ੍ਹਾਂ ਮਸ਼ੀਨਾਂ ਨਾਲ ਹੁਣ ਗਰੁੱਪਾਂ ਵੱਲੋਂ ਮੁਰਗੀਆਂ ਅਤੇ ਅੰਡਿਆਂ ਨੂੰ ਲੋਕਲ ਮਾਰਕਿਟ ਵਿੱਚ ਵੇਚਣਾ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਧਾ ਹੋਵੇਗਾ। ਸਰਕਾਰ ਵੱਲੋਂ ਇਨ੍ਹਾਂ ਸਮੂਹਾਂ ਦੀ ਮੰਗ ਨੂੰ ਸੀ.ਐਸ.ਆਰ (ਆਈ.ਸੀ.ਆਈ.ਸੀ. ਫਾਊਡੇਸ਼ਨ ਮੋਗਾ) ਦੀ ਸਹਾਇਤਾ ਨਾਲ ਹੈਚਿੰਗ ਮਸ਼ੀਨਾਂ ਮੁਹੱਈਆ ਕਰਵਾ ਕੇ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਪ੍ਰਤੀ ਮਸ਼ੀਨ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਹ ਮਿਸ਼ਨ ਗਰੀਬਾਂ, ਖਾਸ ਤੌਰ `ਤੇ ਔਰਤਾਂ ਦੀਆਂ ਮਜ਼ਬੂਤ ਸੰਸਥਾਵਾਂ ਸਵੈ ਸਹਾਇਤਾ ਸਮੂਹ, ਪਿੰਡ ਪੱਧਰੀ ਸੰਸਥਾਵਾਂ ਅਤੇ ਕਲੱਸਟਰ ਪੱਧਰੀ ਸੰਸਥਾਵਾਂ ਦੇ ਨਿਰਮਾਣ ਦੁਆਰਾ ਗਰੀਬੀ ਘਟਾਉਣ ਨੂੰ ਉਤਸ਼ਾਹਿਤ ਕਰਨ ਦਾ ਪ੍ਰੁ੍ਰਮੁੱਖ ਪ੍ਰੋਗਰਾਮ ਹੈ।ਇਹ ਮਿਸ਼ਨ ਲੋੜਵੰਦਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ਲਈ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜਿ਼ਲ੍ਹਿਆਂ ਵਿੱਚ ਇਸ ਵਕਤ 37,824 ਗਰੁੱਪ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿੰਨ੍ਹਾਂ ਵਿੱਚੋਂ ਜਿ਼ਲ੍ਹਾ ਮੋਗਾ ਵਿੱਚ 1389 ਸਵੈ ਸਹਾਇਤਾ ਗਰੁੱਪ, 83 ਵੀ.ਓ (ਪਿੰਡ ਪੱਧਰੀ ਸੰਸਥਾਵਾਂ) ਅਤੇ 2 ਸੀ.ਐੱਲ.ਐੱਫ਼ ਕੰਮ ਕਰ ਰਹੇ ਹਨ। ਉਕਤ ਜਰੀਏ 13,730 ਪਰਿਵਾਰਾਂ ਦੀ ਰੋਜ਼ੀ ਰੋਟੀ ਵਧੀਆ ਢੰਗ ਨਾਲ ਚੱਲ ਰਹੀ ਹੈ।
ਜਿ਼ਲ੍ਹਾ ਪ੍ਰੋਗਰਾਮ ਮੈਨੇਜਰ ਅਜੀਵਿਕਾ ਮਿਸ਼ਨ ਬਲਜਿੰਦਰ ਸਿੰਘ ਗਿੱਲ ਵੱਲੋਂ ਅਜੀਵਿਕਾ ਮਿਸ਼ਨ ਦੇ ਆਏ ਹੋਏ ਸਮੂਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਵੈ ਸਹਾਇਤਾ ਸਮੂਹਾਂ ਦੇ 200 ਤੋਂ ਵਧੇਰੇ ਮੈਂਬਰ ਅਤੇ ਅਜੀਵਿਕਾ ਮਿਸ਼ਨ ਮੋਗਾ ਦਾ ਸਟਾਫ਼ ਹਾਜ਼ਰ ਸੀ।