ਨਿਊਜ਼ ਡੈਸਕ : ਜਦੋਂ ਵੀ ਚੋਣਾਂ ਨਜਦੀਕ ਆਉਂਦੀਆਂ ਹਨ ਤਾਂ ਅਕਸਰ ਪਾਰਟੀਆਂ ਤੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਜਾਂਦਾ ਹੈ। ਇੰਨਾ ਹੀ ਨਹੀਂ ਕਈ ਵਾਰ ਪਾਰਟੀ ਤੋਂ ਬਾਗ਼ੀ ਹੋਏ ਆਗੂ ਵੀ ਅਜਿਹੇ ਖੁਲਾਸੇ ਕਰਦੇ ਹਨ। ਅੱਜ ਵੀ ਕੁਝ ਅਜਿਹਾ ਹੋ ਰਿਹਾ ਹੈ। ਇਸ ਵਾਰ ਕਟਹਿਰੇ ਵਿਚ ਹਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ। ਜਿਨ੍ਹਾਂ ਉੱਪਰ ਕਮਲਜੀਤ ਬਰਾੜ ਵੱਲੋ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਨੂੰ ਕਰੋੜਾਂ ਰੁਪਏ ਚ ਟਿਕਟ ਵੇਚਣ ਦੇ ਇਲਜ਼ਾਮ ਲਾਏ ਗਏ ਹਨ। ਹੁਣ ਇਨ੍ਹਾਂ ਇਲਜਾਮਾਂ ਦਾ ਰਾਜਾ ਵੜਿੰਗ ਵਲੋਂ ਜਵਾਬ ਦਿੱਤਾ ਗਿਆ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਲਜ਼ਾਮ ਲਗਦੇ ਹੁੰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਖੁਦ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਸਕਦੇ ਹਨ।
ਦਸ ਦੇਈਏ ਕਿ ਬਰਾੜ ਵਲੋਂ ਵੜਿੰਗ ਤੇ ੧੦ ਕਰੋੜ ਰੁਪਏ ਚ ਟਿਕਟ ਵੇਚਣ ਦੇ ਇਲਜ਼ਾਮ ਲਾਏ ਸਨ। ਉਨ੍ਹਾਂ ਦਾ ਕਹਿਣਾ ਸੀ ਵੜਿੰਗ ਵਲੋਂ 4 ਕਰੋੜ ਰੁਪਏ ਟਿਕਟ ਬਦਲੇ ਅਤੇ 6 ਕਰੋੜ ਰੁਪਏ ਉਧਾਰ ਲਏ ਗਏ ਸਨ।
ਜਿਕਰ ਏ ਖਾਸ ਹੈ ਕਿ ਬੀਤੇ ਦਿਨੀਂ ਬਰਾੜ ਨੂੰ ਵੜਿੰਗ ਵੱਲੋ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਇਲਜ਼ਾਮ ਲਗਾ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ।