ਨਿਊਜ ਡੈਸਕ : ਚੀਨ ਵਿੱਚ ਕੋਰੋਨਾ ਕਾਰਨ ਚੱਲ ਰਹੇ ਲੌਕਡਾਊਨ ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਜਿਸ ਦੇ ਚਲਦਿਆਂ ਹੁਣ ਅਮਰੀਕਾ ਵੱਲੋਂ ਵੀ ਇਸ ਨੂੰ ਸਮਰਥਨ ਦਿੱਤਾ ਗਿਆ ਹੈ। ਅਮਰੀਕਾ ਨੇ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਚੀਨ ਦੀ ‘ਜ਼ੀਰੋ ਕੋਵਿਡ ਨੀਤੀ’ ਕੰਮ ਨਹੀਂ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਦਾ ਕਹਿਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਚੀਨ ਲਈ ਜ਼ੀਰੋ ਕੋਵਿਡ ਰਣਨੀਤੀ ਰਾਹੀਂ ਇਸ ਵਾਇਰਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਵਿੱਚ ਕਿਤੇ ਵੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ ਹਾਂ। ਅਮਰੀਕਾ ਨੇ ਕਿਹਾ ਹੈ ਕਿ ‘ਜ਼ੀਰੋ ਕੋਵਿਡ ਨੀਤੀ’ ਦੇ ਖਿਲਾਫ ਚੀਨ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਨੀਤੀ ਦੇ ਤਹਿਤ, ਇਕ ਵਾਰ ਜਦੋਂ ਕਿਸੇ ਇਮਾਰਤ ਜਾਂ ਖੇਤਰ ਵਿਚ ਕੋਰੋਨਾ ਵਾਇਰਸ ਦਾ ਕੇਸ ਪਾਇਆ ਜਾਂਦਾ ਹੈ, ਤਾਂ ਚੀਨ ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੰਦਾ ਹੈ, ਜਿਸ ਨਾਲ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ।
ਵ੍ਹਾਈਟ ਹਾਊਸ ਦੇ ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਇਕ ਨਿਊਜ਼ ਕਾਨਫਰੰਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਚੀਨ ਦੇ ਵਿਕਾਸ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਕਿਰਬੀ ਨੇ ਕਿਹਾ ਕਿ ਅਮਰੀਕਾ ਨੇ ਫਿਲਹਾਲ ਚੀਨ ਨੂੰ ਕੋਈ ਮਦਦ ਦੀ ਪੇਸ਼ਕਸ਼ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਭਰ ਵਿੱਚ ਕੋਵਿਡ ਵੈਕਸੀਨ ਦੇ ਸਭ ਤੋਂ ਵੱਡੇ ਸਪਲਾਇਰ ਹਾਂ। ਸਾਨੂੰ ਸਾਡੇ ਟੀਕਿਆਂ ਨੂੰ ਹਾਸਲ ਕਰਨ ਲਈ ਚੀਨ ਤੋਂ ਕੋਈ ਬੇਨਤੀ ਜਾਂ ਕੋਈ ਦਿਲਚਸਪੀ ਨਹੀਂ ਮਿਲੀ ਹੈ।
ਕਿਰਬੀ ਨੇ ਕਿਹਾ ਕਿ ਦੁਨੀਆ ਭਰ ਦੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਲਈ ਸਾਡਾ ਸੰਦੇਸ਼ ਸਾਂਝਾ ਅਤੇ ਇਕਸਾਰ ਹੈ। ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਨੀਤੀਆਂ ਜਾਂ ਕਾਨੂੰਨਾਂ ਵਿਰੁੱਧ ਇਕੱਠੇ ਹੋਣ ਅਤੇ ਵਿਰੋਧ ਕਰਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨਾਲ ਹੀ ਸਮੱਸਿਆ ਦਾ ਹੱਲ ਹੁੰਦਾ ਹੈ।