ਅੰਮ੍ਰਿਤਸਰ : ਆਪਣੇ ਸਰੀਰ ‘ਤੇ ਟੈਟੂ ਖੁਣਵਾਉਣ ਵਾਲੇ ਅਕਸਰ ਹੀ ਵੱਖੋ ਵੱਖਰੀ ਕਿਸਮ ਦੇ ਟੈਟੂ ਬਣਵਾਉਂਦੇ ਹਨ। ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਉਨ੍ਹਾਂ ਵੱਲੋਂ ਖੰਡਾ ਜਾਂ ਬਾਣੀ ਦੀ ਤੁਕ ਆਪਣੇ ਸਰੀਰ ਤੇ ਖੁਣਵਾਈ ਜਾਂਦੀ ਹੈ। ਅਜਿਹੇ ਲੋਕਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖਾਸ ਹੁਕਮ ਜਾਰੀ ਕੀਤਾ ਗਿਆ।
ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ, ਸਿੱਖ ਧਾਰਮਿਕ ਚਿੰਨ੍ਹ ‘☬’ ਜਾਂ ‘ੴ’ ਨੂੰ ਆਪਣੇ ਸ਼ਰੀਰ ‘ਤੇ ਖੁਣਵਾ ਕੇ ਟੈਟੂ ਉਕਰਵਾਉਣਾ ਗੁਰ-ਮਰਯਾਦਾ ਅਨੁਸਾਰ ਨਹੀਂ। ਜਿਸ ਕਾਰਨ ਜਾਣੇ ਅਣਜਾਣੇ ਵਿੱਚ ਬੇਅਦਬੀ ਦੇ ਨਾਲ-ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਇਸ ਲਈ ਸੰਗਤ ਧਾਰਮਿਕ ਚਿੰਨ੍ਹ ਜਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਪਣੇ ਸ਼ਰੀਰ ‘ਤੇ ਖੁਣਵਾਉਣ ਤੋਂ ਗੁਰੇਜ਼ ਕਰੇ।
ਦੱਸ ਦੇਈਏ ਕਿ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਵੱਲੋਂ ਵੀ ਗੁਰਬਾਣੀ ਦੀ ਤੁਕ ਦਾ ਟੈਟੂ ਖੁਣਵਾਇਆ ਗਿਆ ਸੀ। ਉਸ ਖਿਲਾਫ਼ ਜਿਉਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਕਾਇਤ ਪਹੁੰਚੀ ਤਾਂ ਤੁਰੰਤ ਕਾਰਵਾਈ ਕੀਤੀ ਗਈ। ਫਲਸਰੂਪ ਸ੍ਰੀ ਅਕਾਲ ਤਖ਼ਤ ਵਿਖੇ ਨੀਰੂ ਨੂੰ ਲਿਖਤੀ ਮਾਫੀ ਲੈਣੀ ਪਈ।