ਚੰਡੀਗੜ੍ਹ : ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਚਲਦੀ ਹੈ ਤਾਂ ਵਿਵਾਦ ਦਾ ਨਾਮ ਆਪ ਮੁਹਾਰੇ ਹੀ ਨਾਲ ਜੁੜ ਜਾਂਦਾ ਹੈ। ਆਏ ਦਿਨ ਲਗਾਤਾਰ ਸਿਆਸਤਦਾਨ ਇੱਕ ਦੂਜੇ ਨੂੰ ਘੇਰਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਜੇਕਰ ਤਾਜਾ ਮਾਮਲੇ ਦੀ ਗੱਲ ਕਰ ਲਈਏ ਤਾਂ ਕੋਟਕਪੁਰਾ ‘ਚ ਡੇਰਾ ਪ੍ਰੇਮੀ ਦੇ ਹੋਏ ਕਤਲ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਬੀਤੇ ਦਿਨੀਂ ਆਮ ਆਦਮੀ ਪਾਰਟੀ ‘ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ ਲਾਏ ਗਏ ਸਨ। ਜਿਸ ਦਾ ਜਵਾਬ ਦਿੰਦਿਆਂ ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਨੂੰ ਘੇਰਿਆ ਹੈ।
ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਅਕਾਲੀ ਦਲ ਹੁਣ ਲਾਸ਼ਾਂ ‘ਤੇ ਸਿਆਸਤ ਕਰਕੇ ਆਪਣੀ ਗੁਆਚੀ ਸ਼ਾਖ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਿਹੜੇ ਕੰਡੇ ਅਕਾਲੀ ਦਲ ਵੱਲੋਂ ਅਤੇ ਦੂਜੀਆਂ ਸਰਕਾਰਾਂ ਵੱਲੋਂ ਬੀਜੇ ਗਏ ਸਨ ਉਹ ਅੱਜ ਆਮ ਆਦਮੀ ਪਾਰਟੀ ਨੂੰ ਚੁਗਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਧਰੇ ਵੀ ਗੈਂਗਸਟਰਾਂ ਦੀ ਪੁਸ਼ਤ ਪੁਨਾਹੀ ਨਹੀਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਨੂੰ ਸ਼ੈਅ ਦਿੱਤੀ ਜਾ ਰਹੀ ਹੈ। ਮਾਨ ਸਰਕਾਰ ਵੱਲੋਂ ਲਗਾਤਾਰ ਸੂਬੇ ਨੂੰ ਵਿਕਾਸ ਵੱਲੋਂ ਲੈ ਕੇ ਜਾਇਆ ਜਾ ਰਿਹਾ ਹੈ।