ਵਾਸ਼ਿੰਗਟਨ: ਅਮਰੀਕਾ ਦੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਪੁਲੀਸ ਦੋ ਵਾਹਨਾਂ ਦੀ ਟੱਕਰ ਦੀ ਜਾਂਚ ਕਰ ਰਹੀ ਹੈ। ਹਾਦਸੇ ਵਿੱਚ ਮੰਗਲਵਾਰ ਸਵੇਰੇ ਤਿੰਨ ਦੀ ਮੌਤ ਹੋ ਗਈ ਅਤੇ ਪੰਜ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸਾ ਮੰਗਲਵਾਰ ਨੂੰ ਸਵੇਰੇ 5.30 ਵਜੇ ਦੇ ਕਰੀਬ ਬਰਕਸ਼ਾਇਰ ਕਾਊਂਟੀ ਦੇ ਪਾਈਕ ਰੋਡ ਨੇੜੇ ਰੂਟ 7 ’ਤੇ ਹੋਇਆ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੋਂ ਵਿਦਿਆਰਥੀ ਜਿਸ ਕਾਰ ਵਿੱਚ ਮੌਜੂਦ ਸਨ, ਉਹ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਵਿਦਿਆਰਥੀ ਦੱਖਣੀ ਭਾਰਤ ਦੇ ਰਹਿਣ ਵਾਲੇ ਹਨ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਪ੍ਰੇਮ ਕੁਮਾਰ ਰੈੱਡੀ ਗੋਡਾ(27), ਪਵਨੀ ਗੁਲਾਪੱਲੀ (22) ਤੇ ਸਾਈ ਨਰਸਿਮ੍ਹਾ ਪਟਮਸੈੱਟੀ (22) ਵਜੋਂ ਹੋਈ ਹੈ। ਸਥਾਨਕ ਪੁਲਿਸ ਮੁਤਾਬਕ ਹਾਦਸੇ ਵਿੱਚ ਪੰਜ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਰਕਸ਼ਾਯਰ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੈਸਾਚੁਸੇਟਸ ਪੁਲਿਸ ਘਟਨਾ ਵਿੱਚ ਸ਼ਾਮਿਲ ਦੋ ਗੱਡੀਆਂ ਦੀ ਟੱਕਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਇਸਦੇ ਨਾਲ ਹੀ ਨਿਊਯਾਰਕ ਵਿੱਚ ਕਾਂਸੁਲੇਟ ਜਨਰਲ ਨੂੰ ਵੀ ਸੂਚਨਾ ਦਿੱਤੀ ਗਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.