ਵਿਧਾਨ ਸਭਾ ਸਪੀਕਰ ਵੱਲੋਂ ਪਰਾਲੀ ਨਾਂ ਸਾੜਨ ਵਾਲੇ ਪਿੰਡਾਂ ਨੂੰ ਆਪਣੇ ਅਖ਼ਤਿਆਰੀ ਕੋਟੇ ‘ਚੋਂ 1 ਲੱਖ ਰੁਪਏ ਦੇਣ ਦਾ ਐਲਾਨ

Global Team
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਨਵੀਂ ਪਹਿਲ ਕਦਮੀ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਆਪਣੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸੰਧਵਾਂ ਨੇ ਕਿਹਾ ਹੈ ਕਿ ਪਰਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋਣ ਦੇ ਨਾਲ ਨਾਲ ਵਾਤਾਵਰਣ ’ਤੇ ਵੀ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਗੁਰਬਾਣੀ ਦੀ ਸੇਧ ਅਨੁਸਾਰ ਪੰਜਾਬ ਦੇ ਲੋਕ ਕੁਦਰਤ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੇ ਹਨ। ਜਿਉ ਜਿਉ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਸੋਝੀ ਪ੍ਰਾਪਤ ਹੋ ਰਹੀ ਹੈ ਤਿਉ ਤਿਉ ਲੋਕ ਇਸ ਰੁਝਾਨ ਨੂੰ ਛੱਡ ਰਹੇ ਹਨ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਦੇ ਲੋਕ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਦੇ ਰੁਝਾਨ ਨੂੰ ਪੂਰੀ ਤਰਾਂ ਤਿਆਗ ਦੇਣਗੇ।

ਸੰਧਵਾਂ ਪਰਾਲੀ ਨਾ ਸਾੜਨ ਬਾਰੇ ਲਗਾਤਾਰ ਨਾ ਕੇਵਲ ਲੋਕਾਂ ਜਾਗਰੂਕ ਕਰਦੇ ਰਹੇ ਹਨ ਸਗੋਂ ਉਨਾਂ ਨੇ ਅਜਿਹਾ ਨਾ ਕਰਨ ਵਾਲੇ ਲੋਕਾਂ ਦਾ ਸਨਮਾਨ ਵੀ ਕੀਤਾ ਹੈ। ਪਿਛਲੇ ਦਿਨੀ ਉਨਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਕਿਸਾਨਾਂ ਦਾ ਵਿਧਾਨ ਸਭਾ ਵਿਖੇ ਇਕ ਸਮਰੋਹ ਦੌਰਾਨ ਸਨਮਾਨ ਕੀਤਾ। ਇਹ ਆਪਣੇ ਕਿਸਮ ਦੀ ਇੱਕ ਨਿਵੇਕਲ ਪਹਿਲ ਕਦਮੀ ਸੀ। ਇਸ ਸਨਮਾਨ ਸਮਾਰੋਹ ਵਿੱਚ ਫ਼ਰੀਦਕੋਟ ਜ਼ਿਲੇ 18, ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦੇ 1 ਅਤੇ ਗੁਰਦਾਸਪੁਰ 10 ਅਤੇ ਲੁਧਿਆਣਾ ਤੇ ਬਰਨਾਲਾ ਦੇ 7 ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਸੀ। ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ।

Share This Article
Leave a Comment