ਟੋਰਾਂਟੋ: ਕੈਨੇਡਾ ‘ਚ ਇੱਕ ਵਾਰ ਫਿਰ ਅਰਜ਼ੀਆਂ ਦਾ ਢੇਰ ਲਗ ਗਿਆ ਹੈ, ਅੰਕੜਿਆਂ ਮੁਤਾਬਕ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਮੁੜ 26 ਲੱਖ ਤੋਂ ਟੱਪ ਗਿਆ ਹੈ। ਇਸ ਦੇ ਬਾਵਜੂਦ ਕੈਨੇਡਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਦਸੰਬਰ ਤੱਕ ਬੈਕਲਾਗ ‘ਚ ਸਿਰਫ਼ 7.50 ਲੱਖ ਅਰਜ਼ੀਆਂ ਰਹਿ ਜਾਣਗੀਆਂ। ਇਮੀਗ੍ਰੇਸ਼ਨ ਵਿਭਾਗ ਵੱਲੋਂ 30 ਸਤੰਬਰ ਤੱਕ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ 11 ਲੱਖ ਅਰਜ਼ੀਆਂ ਤੈਅ ਸਮੇਂ ਦੇ ਅੰਦਰ ਨਿਪਟਾਈਆਂ ਗਈਆਂ ਜਦਕਿ 15 ਲੱਖ ਅਰਜ਼ੀਆਂ ਦੀ ਪ੍ਰੋਸੈਸਿੰਗ ਸਮੇਂ ਸਿਰ ਨਹੀਂ ਕੀਤੀ ਜਾ ਸਕੀ।
ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸਣੇ ਟੈਂਪਰੇਰੀ ਰੈਜ਼ੀਡੈਂਸ ਨਾਲ ਸਬੰਧਤ 46 ਫ਼ੀਸਦੀ ਅਰਜ਼ੀਆਂ ਦੀ ਪ੍ਰੋਸੈਸਿੰਗ ਤੈਅ ਸਮਾਂ ਹੱਦ ਦੇ ਅੰਦਰ ਕੀਤੀ ਗਈ ਜਦਕਿ ਪੀ.ਆਰ. ਦੀਆਂ 47 ਫ਼ੀਸਦੀ ਅਰਜ਼ੀਆਂ ਸਮੇਂ ਸਿਰ ਨਿਪਟਾ ਦਿੱਤੀਆਂ ਗਈਆਂ। ਦੂਜੇ ਪਾਸੇ ਸਿਟੀਜ਼ਨਸ਼ਿਪ ਦੀਆਂ 69 ਫ਼ੀਸਦੀ ਅਰਜ਼ੀਆਂ ਸਮਾਂ ਹੱਦ ਖ਼ਤਮ ਹੋਣ ਤੋਂ ਪਹਿਲਾਂ ਨਿਪਟਾਉਣ ‘ਚ ਸਫ਼ਲਤਾ ਮਿਲੀ। ਹਰ ਸ਼੍ਰੇਣੀ ‘ਚ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਵੱਖ-ਵੱਖ ਸਮਾਂ ਹੱਦ ਤੈਅ ਕੀਤੀ ਗਈ ਹੈ, ਜਿਨ੍ਹਾਂ ‘ਚੋਂ ਸਪਾਊਜ਼ ਵੀਜ਼ਾ ਲਈ 12 ਮਹੀਨੇ ਦਾ ਸਮਾਂ ਰੱਖਿਆ ਗਿਆ ਹੈ ਜਦਕਿ ਟੈਂਪਰੇਰੀ ਰੈਜ਼ੀਡੈਂਸ ਲਈ 60 ਦਿਨ ਤੋਂ 120 ਦਿਨ ਦਾ ਸਮਾਂ ਦਿੱਤਾ ਗਿਆ ਹੈ। ਐਕਸਪ੍ਰੈਸ ਐਂਟਰੀ ਅਧੀਨ 6 ਮਹੀਨੇ ਦੇ ਅੰਦਰ ਫਾਈਲ ਨਿਪਟਾਉਣ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਇਕ ਸਾਲ ਦੇ ਅੰਦਰ ਨਿਪਟਾਉਣ ਦਾ ਟੀਚਾ ਰੱਖਿਆ ਗਿਆ ਹੈ।
ਸਿਟੀਜ਼ਨਸ਼ਿਪ ਲਈ ਆਈਆਂ ਅਰਜ਼ੀਆਂ ਦੇ ਬੈਕਲਾਗ ਵਿਚ ਵੱਡੀ ਕਮੀ ਆਈ ਹੈ, ਪਰ ਪੀ.ਆਰ. ਲਈ ਆਉਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 30 ਸਤੰਬਰ ਤੱਕ ਕੈਨੇਡੀਅਨ ਸਿਟੀਜ਼ਨਸ਼ਿਪ ਲਈ 3 ਲੱਖ 52 ਹਜ਼ਾਰ ਪਰਵਾਸੀ ਕਤਾਰ ‘ਚ ਸਨ। 31 ਅਗਸਤ ਤੱਕ ਇਹ ਗਿਣਤੀ 3 ਲੱਖ 72 ਹਜ਼ਾਰ ਦਰਜ ਕੀਤੀ ਗਈ। ਪਰਮਾਨੈਂਟ ਰੈਜ਼ੀਡੈਂਸ ਦੇ ਮਾਮਲੇ ਵਿਚ 30 ਸਤੰਬਰ ਤੱਕ 6 ਲੱਖ 14 ਹਜ਼ਾਰ ਅਰਜ਼ੀਆਂ ਬਕਾਇਆ ਸਨ ਅਤੇ 31 ਅਗਸਤ ਤੱਕ ਇਹ ਅੰਕੜਾ 5 ਲੱਖ 14 ਹਜ਼ਾਰ ਦਰਜ ਕੀਤਾ ਗਿਆ ਸੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਅਰਜ਼ੀਆਂ ਦੇ ਬੈਕਲਾਗ ਬਾਰੇ ਭਵਿੱਖਬਾਣੀ ਵੀ ਕੀਤੀ ਗਈ ਹੈ ਜਿਸ ਮੁਤਾਬਕ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਆਉਣ ਵਾਲੀਆਂ ਅਰਜ਼ੀਆਂ ਦਾ ਬੈਕਲਾਗ ਦਸੰਬਰ ਤੱਕ ਸਿਰਫ਼ 20 ਫ਼ੀਸਦੀ ਰਹਿ ਜਾਵੇਗਾ। ਇਸੇ ਤਰ੍ਹਾਂ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਬੈਕਲਾਗ ਸਿਰਫ਼ 25 ਫ਼ੀਸਦੀ ਰਹਿ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਵਿਜ਼ਟਰ ਵੀਜ਼ਾ ਦੇ ਮਾਮਲੇ ‘ਚ ਜ਼ਿਆਦਾ ਰਾਹਤ ਮਿਲਣੀ ਫ਼ਿਲਹਾਲ ਸੰਭਵ ਨਹੀਂ ਅਤੇ ਮਾਰਚ 2023 ਤੱਕ ਇਨ੍ਹਾਂ ਦਾ ਬੈਕਲਾਗ ਘਟ ਕੇ 58 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਸਟੱਡੀ ਪਰਮਿਟ ਦਾ ਬੈਕਲਾਗ ਸਿਰਫ਼ 23 ਫ਼ੀਸਦੀ ਰਹਿ ਜਾਵੇਗਾ ਜਦਕਿ ਵਰਕ ਪਰਮਿਟ ਦੇ ਮਾਮਲੇ ‘ਚ ਮਾਰਚ 2023 ਤੱਕ ਸਿਰਫ਼ 30 ਫ਼ੀਸਦੀ ਅਰਜ਼ੀਆਂ ਬਕਾਇਆ ਹੋਣਗੀਆਂ।