ਕ੍ਰਿਪਾਲ ਸਿੰਘ ਨੇ ਨਵੇਂ ਨੈਸ਼ਨਲ ਗੇਮਜ਼ ਰਿਕਾਰਡ ਨਾਲ ਡਿਸਕਸ ਥਰੋਅ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ

Global Team
2 Min Read

ਚੰਡੀਗੜ੍ਹ: ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨੇ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਜਿਨਾਂ ਵਿੱਚ ਪੰਜਾਬ ਦੇ ਇਕ ਅਥਲੀਟ ਵੱਲੋਂ ਬਣਾਇਆ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਵੀ ਸ਼ਾਮਲ ਹੈ। ਪੰਜਾਬ ਨੇ ਹੁਣ ਤੱਕ 11 ਸੋਨੇ, 14 ਚਾਂਦੀ ਤੇ 13 ਕਾਂਸੀ ਦੇ ਤਮਗਿਆਂ ਨਾਲ ਕੁੱਲ 38 ਤਮਗ਼ੇ ਜਿੱਤੇ ਹਨ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਆਪਣੀ ਸਖਤ ਮਿਹਨਤ ਨਾਲ ਕੌਮੀ ਮੰਚ ਉਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।

ਅੱਜ ਦੇ ਮੁਕਾਬਲਿਆਂ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਪੰਜਾਬ ਦੇ ਕ੍ਰਿਪਾਲ ਸਿੰਘ ਬਾਠ ਨੇ 59.32 ਮੀਟਰ ਦੀ ਥਰੋਅ ਨਾਲ 25 ਸਾਲ ਪੁਰਾਣਾ ਸ਼ਕਤੀ ਸਿੰਘ ਦਾ ਨੈਸ਼ਨਲ ਗੇਮਜ਼ ਰਿਕਾਰਡ ਤੋੜਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਕ੍ਰਿਪਾਲ ਨੇ ਪੰਜਵੀਂ ਥਰੋਅ ਵਿੱਚ ਇਹ ਰਿਕਾਰਡ ਬਣਾਇਆ। ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ਵਿੱਚ ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਸੋਨੇ ਅਤੇ ਇਕ ਹੋਰ ਪੰਜਾਬ ਦੀ ਖਿਡਾਰਨ ਅੰਜੁਮ ਮੌਦਗਿਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਵਿਜੈਵੀਰ ਸਿੰਘ ਸਿੱਧੂ ਤੇ ਹਰਨਵਦੀਪ ਕੌਰ ਨੇ ਸੋਨੇ ਦਾ ਤਮਗ਼ਾ ਜਿੱਤਿਆ।

ਰੋਇੰਗ ਦੇ ਟੀਮ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਭਗਵਾਨ ਸਿੰਘ, ਜਸਪ੍ਰੀਤ ਬੀਜਾ, ਅਰਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਇਲਾਵਾ ਤਲਵਾਰਬਾਜ਼ੀ ਦੇ ਟੀਮ ਮੁਕਾਬਲੇ ਵਿੱਚ ਉਦੈਵੀਰ ਸਿੰਘ, ਪਰਵੀਰ ਸਿੰਘ ਤੇ ਨੇਕਪ੍ਰੀਤ ਸਿੰਘ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਬਾਸਕਟਬਾਲ 3ਬਾਏ3 ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ।

ਮਹਿਲਾ ਹਾਕੀ ਦੇ ਗਰੁੱਪ ਮੁਕਾਬਲਿਆਂ ਵਿੱਚ ਪੰਜਾਬ ਨੇ ਅੱਜ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾਇਆ। ਇਸ ਤੋਂ ਪਹਿਲਾਂ ਪੰਜਾਬ ਨੇ ਕੱਲ ਕਰਨਾਟਕਾ ਨੂੰ 6-1 ਨਾਲ ਹਰਾਇਆ ਸੀ।

Share This Article
Leave a Comment