ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੁਮੇਧ ਸੈਣੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਫਿਰ ਬੇਨਕਾਬ ਹੋ ਗਿਆ ਹੈ।
ਜੀਕੇ ਨੇ ਕਿਹਾ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਨਾ ਆਉਣ ਦੇਣ ਦੀ ਨੀਅਤ ਨਾਲ ਕੰਮ ਕਰ ਰਹੀ ਆਮ ਪਾਰਟੀ ਦੀ ਸਰਕਾਰ ਵੱਲੋਂ ਸੁਮੇਧ ਸੈਣੀ ਨੂੰ ਜੇਲ੍ਹ ਨਾ ਭੇਜਣ ਦੀ ਨੀਤੀ ਸਮਝ ਤੋਂ ਬਾਹਰ ਹੈ। ਜਦੋਂ ਕਿ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਤਸ਼ੱਦਦ ਦੇ ਕਥਿਤ ਨਾਇਕ ਸੁਮੇਧ ਸੈਣੀ ਵਰਗੇ ਅਧਿਕਾਰੀਆਂ ਵੱਲੋਂ ਜ਼ਿਆਦਾਤਰ ਸਿੱਖ ਕੈਦੀਆਂ ਨੂੰ ਅਪਰਾਧੀ ਬਣਾ ਦਿੱਤਾ ਗਿਆ ਸੀ।
ਸੁਮੇਧ ਸੈਣੀ ਨੂੰ ਬਾਦਲ ਤੇ ਕੈਪਟਨ ਸਰਕਾਰ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਵੀ ਸ਼ਰੇਆਮ ਬਚਾ ਰਹੀ ਹੈ। ਜਦੋਂ ਕਿ ਚੰਨੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੈਣੀ ਨੂੰ ਦਿੱਤੀ ਗਈ ਬਲੈਂਕੇਟ ਬੈੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ‘ਤੇ 4 ਮਾਰਚ 2022 ਨੂੰ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਸੈਣੀ ਨੂੰ ਮਿਲੀ ਬਲੈਂਕੇਟ ਬੈੱਲ ਨੂੰ ਅਲੌਕਿਕ ਦੱਸਦੇ ਹੋਏ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇਸ ਮਾਮਲੇ ‘ਚ ਨਵਾਂ ਬੈਂਚ ਗਠਿਤ ਕਰਨ 15 ਦਿਨਾਂ ਵਿੱਚ ਸੁਣਵਾਈ ਮੁਕੰਮਲ ਕਰਨ ਲਈ ਕਿਹਾ ਸੀ।
ਜਿਸ ‘ਤੇ ਪਿਛਲੇ ਹਫ਼ਤੇ ਹਾਈਕੋਰਟ ‘ਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਸਮਾਂ ਮੰਗਿਆ ਸੀ ਅਤੇ ਹੁਣ ਸੈਣੀ ਦੀ ਗਿ੍ਫ਼ਤਾਰੀ ਦੀ ਕੋਈ ਲੋੜ ਨਾ ਹੋਣ ਦੀ ਦਲੀਲ ਦੇ ਕੇ ਸੈਣੀ ਨੂੰ ਪਤਲੀ ਗਲੀਂ ਤੋਂ ਭੱਜਣ ਦਾ ਮੌਕਾ ਦੇ ਦਿੱਤਾ ਹੈ। ਜਦੋਂ ਕਿ ਸੈਣੀ ਵਿਰੁੱਧ ਕਈ ਗੰਭੀਰ ਦੋਸ਼ਾਂ ਤਹਿਤ ਕਈ ਐਫ.ਆਈ.ਆਰ. ਦਰਜ਼ ਹਨ। ਜੀਕੇ ਨੇ ਕਿਹਾ ਕਿ ਪਹਿਲਾਂ ਹਾਈਕੋਰਟ ਨੇ ਸੈਣੀ ਨੂੰ ਬਲੈਂਕੇਟ ਬੈੱਲ ਦਿੱਤੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਬਲੈਂਕੇਟ ਬੈੱਲ ਜਾਂ ਨੋ ਓਬਜੈਕਸਨ ਵਰਗੀ ਜ਼ਮਾਨਤ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕੇਜਰੀਵਾਲ ਦਿੱਲੀ ਅਤੇ ਪੰਜਾਬ ਦੀ ਸਰਕਾਰ ਦਾ ਮੁਖੀ ਹੈ, ਇਸ ਲਈ ਕੇਜਰੀਵਾਲ ਨੂੰ ਸਿੱਖ ਭਾਵਨਾਵਾਂ ਦੀ ਅਣਦੇਖੀ ਕਰਨ ਲਈ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।