ਅੰਮ੍ਰਿਤਸਰ – ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਤੋਂ ਬੁਲੰਦ ਆਵਾਜ਼ ਵਿੱਚ ਬੋਲਦੇ ਨਜ਼ਰ ਆਏ ਹਨ। ਜ਼ਿਕਰਯੋਗ ਹੈ ਕਿ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਅੱਜ ਪੂਰੇ ਮੁਲਕ ਵਿੱਚ ਕਾਂਗਰਸ ਮਹਿੰਗਾਈ ਦੇ ਖਿਲਾਫ ਮੁਜ਼ਾਹਰੇ ਕਰ ਰਹੀ ਹੈ ਅਤੇ ਇਹ ਮੁਜ਼ਾਹਰੇ 7 ਅਪ੍ਰੈਲ ਤੱਕ ਕੀਤੇ ਜਾਣੇ ਹਨ।
ਅੰਮ੍ਰਿਤਸਰ ਵਿੱਚ ਬੋਲਦਿਆਂ ਸਿੱਧੂ ਨੇ ਕਿਹਾ ਕਿ ਫਸਲਾਂ ਉੱਤੇ ਐਮਐਸਪੀ ਵਿੱਚ ਪਿਛਲੇ ਸਾਲਾਂ ਵਿੱਚ 35 ਫ਼ੀਸਦ ਦਾ ਇਜ਼ਾਫਾ ਹੋਇਆ ਹੈ ਪਰ ਪੈਟਰੋਲ ਦੀਆਂ ਕੀਮਤਾਂ ‘ਚ 110 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ ਤੇ ਇਹ ਤਕਰੀਬਨ 12 ਵਾਰ ਕੀਮਤਾਂ ਵਧੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਰਸੋਈ ਗੈਸ ਦੀਆਂ ਕੀਮਤਾਂ ਵੀ ਦੁੱਗਣੀਆਂ ਹੋ ਗਈਆਂ ਹਨ ਪਰ ਮਜ਼ਦੂਰ ਤੇ ਪੱਲੇਦਾਰ ਦੀ ਦਿਹਾੜੀ 250 ਰੁਪਈਏ ਤੋਂ 500 ਰੁਪਈਏ ਨਹੀਂ ਹੋਈ ਹੈ। ਸਿੱਧੂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਕਿਹਾ ਕਿ ਅੱਸੀ ਹਾਰੇ ਹਾਂ , ਮਰੇ ਨਹੀਂ। ਪੰਜਾਬੀਆਂ ਲਈ ਲੜਾਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਗਰੀਬ ਦੀ ਰੋਟੀ ਦੀ ਲੜਾਈ ਲੜ ਰਹੀ ਹੈ।
ਸਿੱਧੂ ਨੇ ਟਵਿੱਟਰ ਤੇ ਪੋਸਟ ਪਾ ਕਿ ਲਿਖਿਆ “ਅਮੀਰੋਂ ਕੇ ਚਿਰਾਗ ਜਲਨੇ ਦੋ ,ਗ਼ਰੀਬੋਂ ਕੀ ਝੋਪੜੀ ਜਲਨੇ ਦੋ।” ਸਿੱਧੂ ਨੇ ਅੱਗੇ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਨਾਲ ਵੋਟਾਂ ਪਾਈਆਂ ਸਨ ਪਰ ਲੋਕਾਂ ਦਾ ਵਿਸ਼ਵਾਸ ਮਿੱਟੀ ਦੇ ਭਾਂਡੇ ਵਾਂਗ ਟੁੱਟ ਗਿਆ ਹੈ ਅਤੇ ਲੋਕਾਂ ਦੇ ਚੁੱਲ੍ਹੇ ਬਲਣੋਂ ਹਟ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬ ਦੇ ਢਿੱਡ ‘ਤੇ ਲੱਤ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਜ਼ਾਹਰਾ ਪੰਜਾਬ ਦੀ ਰੂਹ ਦਾ ਮੁਜ਼ਾਹਰਾ ਹੈ ਅਤੇ ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਉਹ ਬਰਗਾੜੀ ਪੰਜਾਬ ਦੀ ਰੂਹ ਖਾਤਰ ਗਏ ਸਨ ਅਤੇ ਇਹ ਅਹੁਦਿਆਂ ਦੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਤੇ ਕੌਂਸਲਰ ਉਨ੍ਹਾਂ ਦੀ ਹਿਮਾਇਤ ਚ ਉਨ੍ਹਾਂ ਦੇ ਨਾਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਰਾਜਸਭਾ ਮੈਂਬਰਾਂ ਨੂੰ ਲੈ ਕੇ ਸੌਦੇਬਾਜ਼ੀ ਦਾ ਵੀ ਇਲਜ਼ਾਮ ਲਾਇਆ ਹੈ।
ਸਿੱਧੂ ਨੇ ਟਵਿੱਟਰ ਤੇ ਇੱਕ ਹੋਰ ਪੋਸਟ ਪਾ ਕੇ ਕਿਹਾ ਕਿ ਉਹ ਪਿੰਡ ਕੱਸੋਆਣਾ ਜ਼ਿਲ੍ਹਾ ਜ਼ੀਰਾ ਦੇ ਕਾਂਗਰਸੀ ਵਰਕਰ ਇਕਬਾਲ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕਬਾਲ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕਰਨ ਲਈ ਜਾਣਗੇ ਅਤੇ ਕਾਂਗਰਸ ਪਾਰਟੀ ਹਰ ਇੱਕ ਕਾਂਗਰਸੀ ਵਰਕਰ ਦੇ ਨਾਲ ਖੜ੍ਹੀ ਹੈ ਕਿਉਂਕਿ ਕਾਂਗਰਸ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਸ ਪੋਸਟ ਵਿੱਚ ਸਿੱਧੂ ਨੇ ਡੀ ਜੀ ਪੀ ਪੰਜਾਬ ਪੁਲੀਸ ਨੂੰ ਵੀ ਟੈਗ ਕੀਤਾ ਹੈ।
ਵੈਸੇ ਤਾਂ ਪੂਰੇ ਦੇਸ਼ ਵਿੱਚ ਮਹਿੰਗਾਈ ਨੂੰ ਲੈ ਕੇ ਹਾਹਾਕਾਰ ਦਾ ਮਾਹੌਲ ਹੈ ਪਰ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੇ ਹਨ ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸਿੱਧੂ ਤੇ ਕਈ ਹੋਰ ਕਾਂਗਰਸੀ ਆਪਣੀ ਲੜਾਈ ਵੀ ਲੜਦੇ ਨਜ਼ਰ ਆ ਰਹੇ ਹਨ।