ਨਵੀਂ ਦਿੱਲੀ: ਪੰਜ ਰਾਜਾਂ ਦੀਆਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਅਤੇ ਇਸ ਤੋਂ ਬਾਅਦ ਪਾਰਟੀ ਲੀਡਰਸ਼ਿਪ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਾਂਗਰਸ ਸਾਫ਼ ਤੌਰ ’ਤੇ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇਕ ਧੜਾ ਗਾਂਧੀ ਪਰਿਵਾਰ ‘ਤੇ ਭਰੋਸਾ ਕਰਦਾ ਹੈ ਅਤੇ ਦੂਜਾ ਅਸੰਤੁਸ਼ਟ ਨੇਤਾਵਾਂ ਦਾ ਹੈ ਜੋ ਲੀਡਰਸ਼ਿਪ ਤਬਦੀਲੀ ਲਈ ਆਵਾਜ਼ ਉਠਾਉਂਦੇ ਰਹੇ ਹਨ।
ਇਹ ਨਾਰਾਜ਼ ਕਾਂਗਰਸੀ ਆਗੂ ਜੀ-23 ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚ ਗੁਲਾਮ ਨਬੀ ਆਜ਼ਾਦ ਅਤੇ ਕਪਿਲ ਸਿੱਬਲ ਵਰਗੇ ਸੀਨੀਅਰ ਆਗੂ ਸ਼ਾਮਲ ਹਨ।ਇਨ੍ਹਾਂ ਨੇਤਾਵਾਂ ਦੀ ਬੁੱਧਵਾਰ ਨੂੰ ਦਿੱਲੀ ‘ਚ ਮੀਟਿੰਗ ਵੀ ਹੋਈ, ਜਿਸ ‘ਚ ਫੈਸਲਾ ਕੀਤਾ ਗਿਆ ਕਿ ਕਾਂਗਰਸ ਨੂੰ ਸਾਰੀਆਂ ਸਮਾਨ ਸੋਚ ਵਾਲੀਆਂ ਤਾਕਤਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਤਾਂ ਜੋ 2024 ਦੀਆਂ ਚੋਣਾਂ ‘ਚ ਲੋਕਾਂ ਦੇ ਸਾਹਮਣੇ ਮਜ਼ਬੂਤ ਬਦਲ ਪੇਸ਼ ਕੀਤਾ ਜਾ ਸਕੇ।
ਗਾਂਧੀ ਪਰਿਵਾਰ ਦੇ ਭਰੋਸੇਮੰਦ ਲੋਕਾਂ ਨੇ ਇਨ੍ਹਾਂ ਕਾਂਗਰਸੀ ਆਗੂਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਹੁਣ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਸਿੰਘਦੇਵ ਨੇ ਕਪਿਲ ਸਿੱਬਲ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਬਲ ਨੂੰ ਕਾਂਗਰਸ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਅਤੇ ਹੁਣ ਉਨ੍ਹਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਸਿੰਘਦੇਉ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਸਹਿਣਸ਼ੀਲਤਾ ਹੈ।