ਚੇਤੁ ਬਸੰਤੁ ਭਲਾ ਭਵਰ ਸੁਹਾਵੜੇ…
ਡਾ.ਰੂਪ ਸਿੰਘ*
ਗੁਰਬਾਣੀ ਦੀ ਉਪਰੋਕਤ ਪਾਵਨ-ਪਵਿੱਤਰ ਪੰਗਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਬਾਣੀ ‘ਤੁਖਾਰੀ ਛੰਤ ਬਾਰਹਮਾਹ’ ਦੇ ਪੰਜਵੇ ਪਦੇ ਦੀ ਅਰੰਭਕ ਪੰਗਤੀ ਹੈ। ਗੁਰਬਾਣੀ ਵਿਚ ਬਹੁਤ ਸਾਰੇ ਕਾਵਿ-ਰੂਪਾਂ ਦੀ ਵਰਤੋਂ ਗੁਰੂ ਸਾਹਿਬਾਨ ਨੇ ਕੀਤੀ ਹੈ। ਇਨ੍ਹਾਂ ਕਾਵਿ-ਰੂਪਾਂ ਵਿਚ ਬਹੁਤ ਸਾਰੇ ਕਾਵਿ-ਰੂਪ ਸਮੇਂ ਦੀ ਵੰਡ ’ਤੇ ਅਧਾਰਿਤ ਹਨ, ਜਿਵੇਂ ਪਹਿਰੇ, ਦਿਨ-ਰੈਣ, ਸਤਵਾਰ, ਥਿਤੀ, ਰੁਤੀ, ਬਾਰਹਮਾਹ ਆਦਿ। ਗੁਰਮਤਿ ਸਾਹਿਤ ਵਿਚ ਸਾਨੂੰ ਤਿੰਨ ਬਾਰਹਮਾਹ ਮਿਲਦੇ ਹਨ। ਪਹਿਲਾ ਬਾਰਹਮਾਹ ਤੁਖਾਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਦਾ, ਦੂਜਾ ਮਾਝ ਰਾਗ ਵਿਚ ਗੁਰੂ ਅਰਜਨ ਸਾਹਿਬ ਤੇ ਤੀਜਾ ਬਿਰਹ ਨਾਟਕ ਸਿਰਲੇਖ ਅਧੀਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਆਮ ਕਰਕੇ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰਨ ਕੀਤੇ ਬਾਰਹਮਾਹ ਮਾਝ ਬਾਰੇ ਹੀ ਵੀਚਾਰ ਦੇਸੀ ਮਹੀਨੇ ਦੇ ਪਹਿਲੇ ਦਿਨ ਕੀਤੀ ਜਾਂਦੀ ਹੈ। ਇੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਉਪਰੋਕਤ ਪਦੇ ਦੀ, ਪਹਿਲੇ ਚਾਰ ਪਦਿਆਂ ਦੇ ਸੰਦਰਭ ਵਿਚ ਸਮਝਣ ਦਾ ਯਤਨ ਕਰਾਂਗੇ। ਬਾਰਹਮਾਹ ਤੁਖਾਰੀ ਗੁਰਮਤਿ ਤੇ ਪੰਜਾਬੀ ਸਾਹਿਤ ਵਿਚ ਬਾਰਹਮਾਹ ਕਾਵਿ-ਰੂਪ ਦੀ ਪ੍ਰਥਮ ਰਚਨਾ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਇਸ ਦਾ ਰਚਨਾ ਕਾਲ ਸਤੰਬਰ, 1539 ਈ: ਅਤੇ ਰਚਨਾ-ਸਥਾਨ ਕਰਤਾਰਪੁਰ ਸਾਹਿਬ ਮੰਨਿਆ ਗਿਆ ਹੈ। ਇਸ ਬਾਰਹਮਾਹ ਵਿਚ ਗੁਰੂ ਨਾਨਕ ਦੇਵ ਜੀ ਨੇ ਭਾਵਾਤਮਿਕਤਾ ਦੀ ਚਰਮ ਸੀਮਾਂ ਨੂੰ ਛੋਂਹਦਿਆਂ, ਕੁਦਰਤ ਦੇ ਵਿਸਮਾਦੀ ਸਰੂਪ ਨੂੰ, ਪ੍ਰਭੂ-ਮਿਲਾਪ ਦੇ ਉਮਾਹ ਰਾਹੀਂ ਪ੍ਰਗਟ ਕੀਤਾ ਹੈ।
ਭਾਰਤੀ ਕਾਵਿ-ਪਰੰਪਰਾ ਵਿਚ ਖਟੁ-ਰਿਤੁ ਵਰਣਨ ਮਿਲਦਾ ਹੈ। ਇਸ ਵਿਚ ਰੁੱਤਾਂ ਦਾ ਵਰਣਨ, ਸਾਲ ਨੂੰ ਛੇ ਰੁੱਤਾਂ ਵਿਚ ਵੰਡ ਕੇ ਕੀਤਾ ਗਿਆ ਹੈ। ਭਾਰਤੀ ਕਵੀ ਰੁੱਤ ਵਰਣਨ ਨੂੰ ਗਰਮੀ ਦੀ ਰੁੱਤ ਤੋਂ ਆਰੰਭ ਕਰ ਕੇ ਬਸੰਤ ਰੁੱਤ ਤਕ ਪੁੱਜਦੇ ਸਨ ਪਰ ਗੁਰਮਤਿ ਦੇ ਦੈਵੀ ਕਵੀ ਗੁਰੂ ਨਾਨਕ ਸਾਹਿਬ ਨੇ ‘ਚੇਤੁ ਬੰਸਤੁ ਭਲਾ ਭਵਰ ਸੁਹਾਵੜੇ ਤੋਂ ਆਰੰਭ ਕਰਕੇ ‘ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ…ਘਰਿ ਪਾਇਆ ਨਾਰੀ’ ਤਕ ਲਿਜਾਂਦਿਆਂ ਪ੍ਰੀਤਮ ਮਿਲਾਪ ਵਿਸਮਾਦੀ ਰਹੱਸ ਨੂੰ ਦਰਸਾਇਆ ਹੈ। ਇਸ ਬਾਰਹਮਾਹ ਵਿਚ ਕੁੱਲ ਸਤਾਰਾਂ ਪਦੇ ਹਨ। ਵਿਸ਼ੇ ਦੀ ਜਾਣਕਾਰੀ ਪਹਿਲੇ ਚਾਰ ਪਦਿਆਂ ਵਿਚ ਦਿੱਤੀ ਗਈ ਹੈ। ਅਗਲੇ ਬਾਰਾਂ ਪਦਿਆਂ ਵਿਚ ਬਾਰ ਦੇ ਇਲਾਕੇ ’ਚ ਕੁਦਰਤ ਦੇ ਮੌਲਣ ਨੂੰ ਆਧਾਰ ਬਣਾ ਕੇ ਬਾਰਾਂ ਮਹੀਨਿਆਂ ਦਾ ਵਰਣਨ ਕਰਦਿਆਂ, ਆਖਰੀ ਪਦੇ ਵਿਚ ਸਮੁੱਚੀ ਬਾਣੀ ਦਾ ਨਿਰਣਾਇਕ ਉਪਦੇਸ਼ ਦ੍ਰਿੜ ਕਰਵਾਇਆ ਹੈ। ਪ੍ਰੀਤਮ ਤੋਂ ਵਿਛੋੜੇ ਦੀ ਵੇਦਨਾ ਨੂੰ ਅਤਿ ਮਿੱਠੀ ਸਰਲ ਤੇ ਠੇਠ ਪੰਜਾਬੀ ਭਾਸ਼ਾ ਵਿਚ ਬਾਰ ਦੇ ਇਲਾਕੇ ਦੇ ਕੁਦਰਤੀ ਪ੍ਰਤੀਕਾਂ ਰਾਹੀਂ ਦਰਸਾਇਆ ਹੈ। ਅੰਤਮ ਪਦੇ ਵਿਚ ਪ੍ਰਭੂ-ਪ੍ਰੀਤਮ ਦੇ ਮਿਲਾਪ-ਉਮਾਹ ਨੂੰ ਪ੍ਰਗਟ ਕੀਤਾ ਗਿਆ ਹੈ। ਪਹਿਲੇ ਪਦੇ ਵਿਚ ਪੂਰਬਲੇ ਕਰਮਾਂ ਨੂੰ ਪ੍ਰਭੂ ਵਿਛੋੜੇ ਦਾ ਕਾਰਨ ਦੱਸਿਆ ਹੈ:
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1107)
ਇਨ੍ਹਾਂ ਪੂਰਬਲੇ ਕਰਮਾਂ ਕਰਕੇ ਹੀ ਜੀਵ ਮੋਹ-ਮਾਇਆ ਵਿਚ ਗ਼ਲਤਾਨ ਹੁੰਦਾ ਹੈ। ਪ੍ਰਭੂ-ਮਿਲਾਪ ਤੋਂ ਵਿਹੁੂਣੀ ਜੀਵ-ਇਸਤਰੀ ਦੀ ਹਾਲਤ ਇਤਨੀ ਤਰਸਯੋਗ ਹੈ ਕਿ ਉਸ ਨੂੰ ਸੰਸਾਰ ਵਿਚ ਕੋਈ ਵੀ ਆਪਣਾ ਸੰਗੀ-ਸਾਥੀ ਨਜ਼ਰ ਨਹੀਂ ਆਉਂਦਾ:
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1107)
ਪ੍ਰਭੂ-ਕਿਰਪਾ ਦਾ ਪਾਤਰ ਬਣਿਆਂ, ਜੀਵ ਨੂੰ ਪ੍ਰਭੂ-ਸ਼ਰਨ ਪ੍ਰਾਪਤ ਹੁੰਦੀ ਹੈ ਅਤੇ ਪ੍ਰਭੂ ਕਿਰਪਾ ਦੇ ਪਾਤਰ ਬਣਨ ਲਈ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ-ਜਲ ਸਹਾਈ ਹੁੰਦਾ ਹੈ। ਸੰਸਾਰਿਕ ਮੋਹ-ਮਾਇਆ ਜੀਵ ਲਈ ਪ੍ਰਭੂ ਤੋਂ ਵਿਛੋੜੇ ਦਾ ਕਾਰਨ ਹੈ, ਜਿਸ ਨਾਲ ਦੁੱਖ ਉਪਜਦੇ ਹਨ, ਜਦੋਂ ਕਿ ਚਰਨ ਚਲਉ ਮਾਰਗਿ ਗੋਬਿੰਦ ’ਤੇ ਚਲਣ ਨਾਲ ਦੁੱਖ ਦਾ ਅਭਾਵ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਬਰਕਤ ਰਾਹੀਂ ਗਿਆਨ-ਇੰਦਰੀਆਂ ਨੂੰ ਸੀਮਾਬਧ ਕਰਨ ਨਾਲ ਮੋਹ-ਮਾਇਆ ਤੋਂ ਨਿਰਲੇਪ ਹੋਇਆ ਜਾ ਸਕਦਾ ਹੈ। ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਵਾਲੇ ਜੀਵ ਨੂੰ ਹੀ ਆਤਮਿਕ ਚਾਨਣ ਹੁੰਦਾ ਹੈ ਕਿ ਕੇਵਲ ਪ੍ਰਭੂ-ਪ੍ਰੀਤਮ ਹੀ ਜੀਵ ਇਸਤਰੀ ਦਾ ਸਦੀਵੀ ਸਾਥੀ ਹੈ। ਪ੍ਰਭੂ ਦੀ ਸਿਫਤ-ਸਲਾਹ ਨਾਲ ਜੀਵ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਉਸ ਦੇ ਮਨ ਵਿਚ ਪ੍ਰਭੂ-ਮਿਲਾਪ ਲਈ ਉਮਾਹ ਉਪਜ ਪੈਂਦਾ ਹੈ:
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥4॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1107)
ਬਾਰਹਮਾਹ ਤੁਖਾਰੀ ਵਿਚ ਕੁਦਰਤ ਮੌਸਮਾਂ ਅਨੁਸਾਰ ਵੱਖ-ਵੱਖ ਰੰਗਾਂ ’ਚ ਰੰਗ ਨਿਖ਼ਾਰਦੀ ਨਜ਼ਰ ਆਉਂਦੀ ਹੈ। ਇਸ ਬਾਰਹਮਾਹ ਵਿਚ ਆਦਿ ਗੁਰੂ, ਨਾਨਕ ਦੇਵ ਜੀ ਨੇ ਸੋਹਣੇ ਫੁੱਲਾਂ-ਭੌਰਿਆਂ, ਬਾਰ ਦੇ ਜੰਗਲਾਂ, ਅੰਬਾਂ ਉੱਤੇ ਆਏ ਬੂਰ, ਕੋਇਲਾਂ ਦੇ ਮਿੱਠੇ ਗੀਤ, ਤਪਦੇ ਥਲਾਂ, ਭਖਦੀਆਂ ਅਗਨੀਆਂ, ਚਮਕਦੀਆਂ ਬਿਜਲੀਆਂ, ਮੋਰ, ਡੱਡੂ ਤੇ ਪ੍ਰਿਉ-ਪਿਉ ਕਰਦੇ ਬਬੀਹੇ, ਡੱਸਦੇ ਸੱਪਾਂ ਤੇ ਤੁਖਾਰੀਆਂ ਸਰਦੀਆਂ ਦੇ ਸੂਖਮ ਸਰੂਪ ਨੂੰ ਵੇਖਿਆ, ਜਾਣਿਆ, ਮਾਣਿਆਂ ਤੇ ਅਨੁਭਵ ਕਰ ਬਿਆਨ ਕੀਤਾ ਹੈ:
- ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥(ਪੰਨਾ 1108)
- ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ (ਪੰਨਾ 1108)
ਚੇਤ ਮਹੀਨੇ ਨਵੇਂ ਸਾਲ ਦੇ ਅਗਾਜ਼ ਨਾਲ ਬਸੰਤ ਦਾ ਮੌਸਮ ਕੁਦਰਤ ਦੇ ਮੌਲਣ ਦਾ ਸਮਾਂ ਹੈ। ਸਾਰੀ ਬਨਸਪਤੀ ਨਵੇਂ ਪੱਤਿਆਂ, ਫੁੱਲਾਂ ਤੇ ਕਰੂੰਬਲਾਂ ਨਾਲ ਸ਼ਿੰਗਾਰੀ ਜਾਂਦੀ ਹੈ। ਬਸੰਤੀ ਮੌਸਮ ਆਉਣ ਨਾਲ ਫੁੱਲ ਖਿੜ ਪੈਂਦੇ ਹਨ ਤੇ ਭਵਰੇ ਆਪ-ਮੁਹਾਰੇ ਫੁੱਲਾਂ ’ਤੇ ਆ ਬੈਠਦੇ ਹਨ। ਕੋਇਲਾਂ ਅੰਬਾਂ ਉੱਪਰ ਬੈਠੀਆਂ ਮਿਲਾਪ ਦੇ ਗੀਤ ਗਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਪਰ ‘ਪਤੀ’ (ਪਰਮਾਤਮਾ) ਤੋਂ ਵਿਛੜੀ ‘ਨਾਰ’ (ਜੀਵਾਤਮਾ) ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਕੈਸੀ ਸਦੀਵੀ ਖੁਸ਼ੀ ਪ੍ਰਾਪਤ ਹੋਵੇ! ਜੇ ਪਤੀ-ਪਰਮਾਤਮਾ ਨਾਮ-ਬਾਣੀ ਦੀ ਵਰਖਾ ਦੁਆਰਾ ਹਿਰਦੇ ਦੀ ਪਿਆਸ ਤ੍ਰਿਪਤ ਕਰ ਦੇਵੇ ਪਿਰ ਘਰਿ ਬਾਹੁੜੈ॥ ਜਿਸ ਜੀਵ ਇਸਤਰੀ ਦਾ ਪ੍ਰਭੂ-ਪਤੀ ਹਿਰਦੇ ਰੂਪੀ ਘਰ ਵਿਚ ਨਾ ਆਵੇ, ਉਸ ਜੀਵ ਇਸਤਰੀ ਨੂੰ ਆਤਮਿਕ-ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਸੂਹੀ ਦੀ ਵਾਰ ਵਿਚ ਵੀ ਸਪੱਸ਼ਟ ਕਰਦੇ ਹਨ ਕਿ ਕੁਦਰਤ ਦੇ ਖਿੜਾਓ, ਰੁੱਤਾਂ ਦੀ ਬਹਾਰ ਬਸੰਤ ਨੂੰ ਉਹੀ ਮਾਣ, ਮਹਿਸੂਸ ਕਰ ਸਕਦੀਆਂ ਹਨ ਜਿਨ੍ਹਾਂ ਦਾ ਮਾਲਕ ਪਤੀ ਉਨ੍ਹਾਂ ਦੇ ਪਾਸ ਹੈ। ਵਿਛੋੜੇ ਵਿਚ ਕੁਦਰਤੀ ਖਿੜਾਓ ਵੀ ਤੁਹਾਨੂੰ ਖੁਸ਼ੀ ਨਹੀਂ ਦੇ ਸਕਦਾ। ਵਿਛੋੜਾ ਦੁਖ ਦਾ ਪ੍ਰਤੀਕ ਹੈ ਜਿਨ੍ਹਾਂ ਦੇ ਪਤੀ ਪਰਦੇਸ ਗਏ ਹਨ ਉਨ੍ਹਾਂ ਵਾਸਤੇ ਤਾਂ ਬਸੰਤ ਦੀ ਰੁੱਤ ਵੀ ਪਤਝੜ ਦੇ ਸਮਾਨ ਹੈ:
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਿਨਸਿ ਫਿਰਹਿ ਜਲੰਤ ॥2॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 791)
ਇਹੀ ਕਾਰਨ ਹੈ ਕਿ ਉਸ ਨੂੰ ਬਸੰਤੀ ਬਹਾਰ ਦੇ ਪੰਛੀਆਂ ਦੇ ਮਿੱਠੇ ਗੀਤ ਵੀ ਕੌੜੇ- ਕੁਸੈਲੇ ਲੱਗਦੇ ਹਨ। ਹੇ ਮਾਂ! ਮਨ ਤਾਂ ਸੰਸਾਰਿਕ ਰੰਗ-ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ, ਇਹ ਕੋਈ ਅਨੰਦਮਈ ਜੀਵਨ ਨਹੀਂ, ਇਹ ਤਾਂ ਆਤਮਿਕ ਮੌਤ ਹੈ। ਆਤਮਿਕ ਜੀਵਨ ਦੇਣ ਵਾਲੇ ਗੁਰਦੇਵ! ਤੁਸੀ ਹੀ ਦੱਸੋ ਕਿ ਜੀਵ-ਇਸਤਰੀ ਪ੍ਰਭੂ-ਪਤੀ ਦਾ ਵਿਛੋੜਾ ਕਿਵੇਂ ਸਹਿਨ ਕਰ ਸਕਦੀ ਹੈ? ਆਤਮਿਕ ਜੀਵਨ ਦੀ ਪ੍ਰਾਪਤੀ ਤਾਂ ਹੀ ਸੰਭਵ ਹੈ, ਜੇ ਵਿਛੋੜੇ ਦੀ ਵਿੱਥ ਮਿਟ ਜਾਵੇ। ਇਹ ਵਿਥ ਤਦ ਹੀ ਮਿਟ ਸਕਦੀ ਹੈ, ਜੇ ਪ੍ਰਭੂ-ਪਤੀ ਜੀਵ-ਇਸਤਰੀ ਦੇ ਹਿਰਦੇ ਵਿਚ ਆ ਟਿਕੇ।
ਚੇਤ ਦੇ ਮਹੀਨੇ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਕੁਦਰਤ ਫੁੱਲਾਂ, ਪੱਤੀਆਂ ਤੇ ਕਰੂੰਬਲਾਂ ਨਾਲ ਸ਼ਿੰਗਾਰੀ ਹੋਣ ਕਰਕੇ ਕੋਇਲਾਂ ਤੇ ਹੋਰ ਪੰਛੀ ਮਿੱਠੇ ਗੀਤ ਬੋਲਦੇ ਹਨ ਪਰ ਇਹ ਮਿੱਠੇ ਗੀਤ ਮਿਲਾਪ ਵਿਚ ਹੀ ਚੰਗੇ ਲੱਗਦੇ ਹਨ। ਇਹੀ ਕਾਰਨ ਹੈ ਕਿ ਪ੍ਰਭੂ- ਪਤੀ ਤੋਂ ਵਿਛੜੀ ਜੀਵ-ਇਸਤਰੀ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ।ਆਤਮਿਕ ਅਨੰਦ ਮਿਲਾਪ ’ਚ ਹੀ ਸੰਭਵ ਹੈ। ਚੇਤ ਦੇ ਮਹੀਨੇ ਦੀ ਆਖ਼ਰੀ ਪੰਗਤੀ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਇਹ ਉਪਦੇਸ਼ ਦ੍ਰਿੜ ਕਰਾਉਂਦੇ ਹਨ:
ਨਾਨਕ ਚੇਤਿ ਸਹਜਿ ਸੁਖੁ ਪਾਵੈ॥
ਜੇ ਹਰਿ ਵਰੁ ਘਰਿ ਧਨ ਪਾਏ॥5॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1108)
*98146 37979; ਈਮੇਲ : [email protected]