ਆਪ’ ਦੇ ਚੱਲੇ ‘Tornado’ ਚ 4 ਮੁੱਖ ਮੰਤਰੀ ‘ਹਰੇ’।

TeamGlobalPunjab
7 Min Read

ਬਿੰਦੁੂ ਸਿੰਘ

ਪੰਜਾਬ ਦੀਆਂ ਚੋਣਾਂ ਦਾ ਫਤਵਾ ਕੀ ਆਇਆ , ਵੱਡੇ ਵੱਡੇ ਲੀਡਰਾਂ ਨੂੰ ਪਸੀਨੇ ਆ ਗਏ। ਪੰਜਾਬ ਦੇ ਵੱਡੇ ਚਿਹਰੇ 4 ਮੁੱਖ ਮੰਤਰੀ ਇਨ੍ਹਾਂ ਚੋਣਾਂ ‘ਚ ਹਾਰ ਗਏ।

ਪੰਜ ਵਾਰ ਦੇ ਮੁੱਖ ਮੰਤਰੀ 94 ਵਰ੍ਹੇ ਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ। ਸਭ ਤੋਂ ਵੱਡੀ ਉਮਰ ਦੇ ਲੰਬੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਇਹ ਸੀਟ ਲੰਮੇ ਸਮੇਂ ਤੋਂ ਜਿੱਤ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੀਨੀਅਰ ਬਾਦਲ ਨੂੰ 11,396 ਵੋਟਾਂ ਨਾਲ ਹਰਾ ਦਿੱਤਾ। ਖੁੱਡੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਈਕਮਾਨ ਨੁੂੰ ਕਹਿ ਕੇ ਸਾਬਕਾ ਮੁੱਖ ਮੰਤਰੀ ਦੇ ਮੁਕਾਬਲੇ ਚੋਣ ਲੜਨ ਦਾ ਫ਼ੈਸਲਾ ਲਿਆ। ਇਸ ਤੋਂ ਪਹਿਲਾਂ ਓਹ ਕਾਂਗਰਸ ਪਾਰਟੀ ਵਿੱਚ ਸਨ ਤੇ ਉਨ੍ਹਾਂ ਨੂੰ ਟਿਕਟ ਨਹੀਂ ਸੀ ਮਿਲੀ , ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ  ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਸੀ।

ਪ੍ਰਕਾਸ਼ ਸਿੰਘ ਬਾਦਲ  ਸਾਲ 1970 ਤੋੰ 1971, 1977 ਤੋੰ 1980, 1997 ਤੋੰ 2002, 2007 ਤੋੰ 2012 ਅਤੇ 2012 ਤੋੰ 2017 ਤੱਕ ਮੁੱਖ ਮੰਤਰੀ ਰਹੇ। 1966 ਵਿੱਚ ਪੰਜਾਬ ਦੇ ਪੁਨਰਗਠਨ ਦੇ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ 1967 ਚ ਗਿੱਦੜਬਾਹਾ ਤੋਂ ਅਕਾਲੀ, ਦਾਸ ਸੰਤ ਫਤਿਹ ਸਿੰਘ ਗਰੁੱਪ ਵੱਲੋਂ ਚੋਣ ਲੜੀ ਸੀ। ਉਸ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਨੇ 57 ਵੋਟਾਂ ਦੇ ਬਹੁਤ ਥੋੜ੍ਹੇ ਫਾਸਲੇ  ਨਾਲ ਹਰਾਇਆ ਸੀ। ਇਸ ਵਾਰ  ਸੀਨੀਅਰ ਬਾਦਲ ਛੇਵੀਂ ਵਾਰ  ਲੰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਤੇ ਉਨ੍ਹਾਂ ਵਲੋੰ ਲੰਬੀ ਸੀਟ ਨੂੰ ਤਕਰੀਬਨ ਪੱਕੀ ਸੀਟ ਹੀ ਮੰਨਿਆ ਜਾ ਰਿਹਾ ਸੀ।

- Advertisement -

ਰਾਜਿੰਦਰ ਕੌਰ ਭੱਠਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਨ। ਸਾਲ 1996 ਤੋੰ 1997 ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਪੰਜਾਬ ਦੇ ਇੱਕੋ ਇੱਕ ਮਹਿਲਾ ਮੁੱਖ ਮੰਤਰੀ ਰਹੇ ਹਨ। ਭੱਠਲ ‘ਆਇਰਨ ਲੇਡੀ’ ਦੇ ਤੌਰ ਤੇ ਵੀ ਜਾਣੇ ਜਾਂਦੇ ਹਨ। 1992 ਦੇ ਬਾਅਦ ਪੰਜ ਵਾਰ  ਲਹਿਰਾਗਾਗਾ ਤੋਂ ਜੇਤੂ ਰਹੇ ਹਨ। 76 ਵਰ੍ਹੇ ਦੀ ਉਮਰ ਵਿੱਚ ਸਾਲ 2017 ਵਿੱਚ  ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਤੋੰ ਲਹਿਰਾਗਾਗਾ ਸੀਟ ਹਾਰ ਗਏ ਸਨ। ਇਸ ਵਾਰ ਆਮ ਆਦਮੀ ਪਾਰਟੀ ਦੇ ਵਰਿੰਦਰ ਸਿੰਘ ਗੋਇਲ ਨੇ ਭੱਠਲ ਨੂੰ ਹਰਾਇਆ ਤੇ ਭੱਠਲ ਤੀਜੀ ਜਗ੍ਹਾ ਤੇ ਰਹੇ।

ਤੀਸਰੇ ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਸੀ, ਉਨ੍ਹਾਂ ਦੀ ਹਾਕੀ ਤੇ ਗੇਂਦ ਵੀ ਝਾੜੂ ਚੋਣ ਨਿਸ਼ਾਨ ਅੱਗੇ ਨਹੀਂ ਠਹਿਰ ਸਕੀ। 79 ਵਰ੍ਹੇ ਦੇ  ਕੈਪਟਨ ਅਮਰਿੰਦਰ ਸਿੰਘ ਆਪਣੇ ਤਿੰਨ ਸੌ ਸਾਲ ਪੁਰਾਣੇ ਜੱਦੀ ਇਲਾਕੇ ਪਟਿਆਲਾ ਸ਼ਹਿਰੀ ਤੋੰ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਅਜੀਤ ਪਾਲ ਸਿੰਘ ਕੋਹਲੀ ਤੋਂ ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਕੈਪਟਨ ਪਹਿਲਾਂ ਸਾਲ 2002 ਤੋੰ 2007 ਤੱਕ ਮੁੱਖ ਮੰਤਰੀ ਸਨ ਤੇ ਫਿਰ ਦੁਬਾਰਾ 2017 ‘ਚ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਨੇ ਆਪਣੀ ਹੀ ਪਾਰਟੀ ਵਿੱਚੋਂ ਉੱਠੀਆਂ ਬਗ਼ਾਵਤੀ ਸੁਰਾਂ ਨੂੰ ਵੇਖਦੇ ਹੋਏ 2021 ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਨਾਲ ਗੱਠਜੋੜ ਕਰਨਾ ਵੀ ਉਨ੍ਹਾਂ ਨੂੰ ਰਾਸ ਨਹੀਂ ਆਇਆ। 1980 ਵਿੱਚ  ਕੈਪਟਨ ਨੇ ਪਹਿਲੀ ਵਾਰ  ਲੋਕ ਸਭਾ ਸੀਟ ਵੀ ਜਿੱਤੀ ਸੀ ਤੇ ਫਿਰ 2014 ਲੋਕ ਸਭਾ ਚੋਣਾਂ ‘ਚ ਉਨ੍ਹਾਂ ਨੇ ਅੰਮ੍ਰਿਤਸਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਰੁਣ ਜੇਤਲੀ ਨੁੂੰ ਵੱਡੇ ਫਾਸਲੇ ਨਾਲ ਹਰਾਇਆ ਸੀ।

ਕਾਂਗਰਸ ਪਾਰਟੀ ਦੇ ਮੋੌਜੁੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੂੰ ਕਾਂਗਰਸ ਪਾਰਟੀ ਨੇ ਤਿੰਨ ਮਹੀਨੇ ਪਹਿਲਾਂ ਹੀ  ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਮੁੱਖ ਮੰਤਰੀ ਬਣਾਇਆ ਸੀ। ਚੋਣਾਂ ਦੇ ਨੇੜੇ  ਚਰਨਜੀਤ ਸਿੰਘ ਚੰਨੀ ਨੂੰ  ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ। ਪਾਰਟੀ ਨੇ ਚੰਨੀ ਦੇ ਆਉਣ ਨਾਲ ਗ੍ਰਾਫ਼ ਵਿੱਚ ਕੁਝ ਸੁਧਾਰ ਵੇਖਿਆ ਤੇ ਕਾਂਗਰਸ ਪਾਰਟੀ ਦਾ ਖੇਡਿਆ ਦਲਿਤ ਕਾਰਡ ਕੁਝ ਹੱਦ ਤੱਕ ਰਾਸ ਆਉਂਦਾ ਦੇਖਿਆ ਗਿਆ। ਇਸ ਨੂੰ ਵੇਖਦੇ ਹੋਏ  ਸੂਬੇ ਦੀ ਤਕਰੀਬਨ 32 ਫ਼ੀਸਦ ਦਲਿਤ ਵੋਟ ਨੂੰ  ਮੁੱਖ ਰੱਖ ਕੇ  ਚੰਨੀ ਨੂੰ ਦੁਬਾਰਾ  ਮੁੱਖ ਮੰਤਰੀ  ਚਿਹਰਾ ਐਲਾਨਣ ਦੇ ਨਾਲ ਨਾਲ  2 ਵਿਧਾਨ ਸਭਾ ਹਲਕਿਆਂ ਤੋਂ  ਚੋਣ ਮੈਦਾਨ ਚ ਉਤਾਰਿਆ ਗਿਆ। ਚਮਕੌਰ ਸਾਹਿਬ ਉਨ੍ਹਾਂ ਦਾ ਪਹਿਲਾਂ ਤੋਂ ਹੀ ਹਲਕਾ ਸੀ ਤੇ ਦੂਜਾ ਭਦੌੜ  ਹਲਕਾ ਜ਼ਿਲ੍ਹਾ ਬਰਨਾਲਾ ‘ਚ ਪੈਂਦਾ ਹੈ। ਪਰ ਚੋਣ ਨਤੀਜੇ ਆਉਣ ਤੋਂ ਬਾਅਦ  ਪਹਿਲਾਂ ਚੰਨੀ ਭਦੌੜ ਤੋਂ  ਹਾਰੇ ਤੇ ਫਿਰ ਚਮਕੌਰ ਵੀ ਹਾਰ ਗਏ। ਭਦੌੜ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਨੂੰ ਇੱਕ ਮਜ਼ਦੂਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ  ਲਾਭ ਸਿੰਘ ਉਗੋਕੇ ਨੇ ਹਰਾ ਦਿੱਤਾ  ਤੇ ਹਲਕਾ ਚਮਕੌਰ ਤੋਂ ਉਨ੍ਹਾਂ ਦੇ ਹੀ ਨਾਂਅ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੇ ਹਰਾਇਆ ਹੈ।

ਇਹ ਤਾਂ ਰਹੀ ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਜੋ ਚੋਣਾਂ 2022 ‘ਚ  ਹਾਰ ਗਏ ਹਨ ਤੇ ਇਨ੍ਹਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੀ ਹਰਾਇਆ ਹੈ।ਇਸ ਤੋਂ ਇਲਾਵਾ ਪੰਜਾਬ ਦੀ ਮੌਜੂਦਾ ਕੈਬਨਿਟ ਦੇ ਮੰਤਰੀ ਵੀ ਹਾਰਦੇ ਨਜ਼ਰ ਆਏ ਤੇ ਮੌਜੂਦਾ ਵਿਧਾਨ ਸਭਾ ਸਪੀਕਰ  ਰਾਣਾ ਕੇ ਪੀ ਵੀ ਆਪਣੇ ਹਲਕੇ ਤੋਂ ਹਾਰ ਗਏ।

ਕੈਬਨਿਟ ਮੰਤਰੀਆਂ ਚੋਂ ਸਾਧੂ ਸਿੰਘ ਧਰਮਸੋਤ, ਰਾਜ ਕੁਮਾਰ ਵੇਰਕਾ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਨ ਆਸ਼ੂ ਅਤੇ ਗੁਰਕੀਰਤ ਕੋਟਲੀ, ਇਹ ਸਾਰੇ ਮੰਤਰੀ ਹਾਰ ਗਏ ਹਨ। ਆਮ ਆਦਮੀ ਪਾਰਟੀ ਦੀ ਚੱਲੀ ਹਨ੍ਹੇਰੀ  ਵਿੱਚ ਸਾਬਕਾ ਤੇ ਮੌਜੂਦਾ ਮੁੱਖ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦਾ ਹਰਨਾ, ਇਹ ਗੱਲ ਤਾਂ ਸਾਫ ਕਰਦਾ ਹੈ ਕਿ  ਲੋਕਾਂ ਨੇ ਪੂਰੇ ਵਿਰੋਧ ਦੀ ਲਹਿਰ ਵਿੱਚ ਗੁੱਸੇ ਨਾਲ ਇੱਕ ਪਾਸੜ ਹੋ ਕੇ ਵੋਟਾਂ ਭੁਗਤਾਈਆਂ ਹਨ।  ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਦਵਾ ਕੇ ਪੰਜਾਬ ਦੀ ਕਮਾਨ ਫੜਾਈ ਹੇੈ। ਜਾਇਜ਼ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਉਮੀਦਾਂ ਆਮ ਆਦਮੀ ਪਾਰਟੀ ਤੋਂ ਹਨ। ਰਿਵਾਇਤੀ ਪਾਰਟੀਆਂ ਦੇ ਨਾਲ ਨਾਲ  ਰਿਵਾਇਤੀ ਲੀਡਰਾਂ ਨੂੰ ਵੀ ਪੰਜਾਬ ਦੇ ਲੋਕਾਂ ਨੇ ਇਸ ਵਾਰ ਨਕਾਰ ਦਿੱਤਾ ਹੈ। ਪਰ ਇਹ ਵੀ ਗੱਲ ਵੇਖਣ ਵਾਲੀ ਹੋਵੇਗੀ ਕਿ ਪਿਛਲੀਆਂ ਸਰਕਾਰਾਂ ਵੱਲੋਂ ਨਵੀਂ ਪਾਰਟੀ ਦੀ ਸਰਕਾਰ ਲਈ ਛੱਡੀ ਗਈ ਭਾਰ ਦੀ ਪੰਡ ਹੱਦੋਂ ਵੱਧ ਭਾਰੀ ਹੈ ਤੇ ਹੁਣ ਵੱਡਾ ਬਹੁਮਤ ਲੈ ਕੇ ਆਈ ਆਮ ਆਦਮੀ ਪਾਰਟੀ  ਦੀ ਸਰਕਾਰ ਇਸ ਨਾਲ ਕਿਸ ਤਰੀਕੇ ਨਜਿੱਠੇਗੀ।

- Advertisement -

Share this Article
Leave a comment