ਲੁਧਿਆਣਾ : ਲੁਧਿਆਣਾ ਦੇ ਬਹੁ ਚਰਚਿਤ ਇਸੇਵਾਲ ਗੈਂਗਰੇਪ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਏਸੀਜੇ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਇਸ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ (ਆਜੀਵਨ ਕਾਰਾਵਾਸ) ਅਤੇ ਇਕ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ ਜਦਕਿ ਛੇਵੇਂ ਨਾਬਾਲਗ ਆਰੋਪੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਲਗਾਇਆ।
ਜ਼ਿਕਰਯੋਗ ਹੈ ਕਿ 9 ਫ਼ਰਵਰੀ 2019 ਨੂੰ ਇਨਾਂ ਦੋਸ਼ੀਆਂ ਨੇ ਇਸੇਵਾਲ ਨਜ਼ਦੀਕ ਇਕ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸਦੇ ਚੱਲਦੇ ਥਾਣਾ ਮੁੱਲਾਂਪੁਰ ਦੀ ਪੁਲਿਸ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਸੀ। ਦਿਸੰਬਰ 2021 ਵਿੱਚ ਮਾਮਲੇ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲ ਗਈ ਸੀ। ਪਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹਨੂੰ ਦੁਬਾਰਾ ਗਿਰਫ਼ਤਾਰ ਕਰ ਲਿਆ ਗਿਆ ਸੀ। ਅੱਜ ਇਨ੍ਹਾਂ ਛੇਆਂ ਦੋਸ਼ੀਆਂ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਇਨ੍ਹਾਂ ਦੋਸ਼ੀਆਂ ਚੋਂ ਪੰਜ ਨੂੰ ਆਜੀਵਨ ਕਾਰਾਵਾਸ ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਛੇਵੇਂ ਨਾਬਾਲਗ ਆਰੋਪੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਦੇ ਫ਼ੈਸਲੇ ਤੇ ਪੀੜਤਾਂ ਦੇ ਕਰੀਬੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਖਰ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਤੇ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ।