ਗੁਰੂ ਘਰਾਂ ਦੇ ਪ੍ਰਬੰਧਕੀ ਤੇ ਵਿੱਤੀ ਮਾਮਲਿਆਂ ਸਬੰਧੀ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੈਨੇਜਰਾਂ ਨਾਲ ਕੀਤੀ ਬੈਠਕ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਮਾਝਾ ਖੇਤਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨਾਲ ਇਕੱਤਰਤਾ ਕਰਕੇ ਪ੍ਰਬੰਧਾਂ ਸਬੰਧੀ ਸਮੀਖਿਆ ਕੀਤੀ ਅਤੇ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਲੈਣ ਲਈ ਕਿਹਾ। ਇਸ ਦੇ ਨਾਲ ਹੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਇਜਲਾਸ ਨੂੰ ਲੈ ਕੇ ਗੁਰਦੁਆਰਾ ਸਾਹਿਬਾਨ ਦੇ ਵਿੱਤੀ ਹਾਲਾਤਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਮੈਨੇਜਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਸੰਗਤ ਦੀ ਸਹੂਲਤ ਦਾ ਹਰ ਪੱਖ ਤੋਂ ਖਿਆਲ ਰੱਖਿਆ ਜਾਵੇ। ਉਨ੍ਹਾਂ ਮੈਨੇਜਰਾਂ ਨੂੰ ਗੁਰਦੁਆਰਾ ਸਾਹਿਬਾਨ ਅੰਦਰ ਚੱਲ ਰਹੀਆਂ ਕਾਰ ਸੇਵਾਵਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੀ ਵਿਸ਼ੇਸ਼ ਤਵੱਜੋਂ ਦੇਣ ਲਈ ਵੀ ਕਿਹਾ। ਗੁਰਦੁਆਰਾ ਸਾਹਿਬਾਨ ਦੇ ਪਿਛਲੇ ਵਿੱਤੀ ਵਰ੍ਹੇ ਦਾ ਆਡਿਟ ਮੁਕੰੰਮਲ ਕਰਨ ਲਈ ਪ੍ਰੇਰਿਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਤਰ੍ਹਾਂ ਦੇ ਹੋਣ ਵਾਲੇ ਖਰਚਿਆਂ ਨੂੰ ਵਿਧੀਵਤ ਢੰਗ ਨਾਲ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਯਤਨ ਕੀਤਾ ਜਾਵੇ ਕਿ ਬੇਲੋੜੇ ਖਰਚੇ ਨਾ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਨੂੰ ਗੁਰਦੁਆਰਾ ਪ੍ਰਬੰਧਾਂ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਵਧੀਆ ਢੰਗ ਨਾਲ ਗੁਰਦੁਆਰਾ ਸਾਹਿਬਾਨ ਅੰਦਰ ਪ੍ਰਦਰਸ਼ਤ ਕੀਤਾ ਜਾਵੇ, ਤਾਂ ਜੋ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਸਬੰਧਤ ਗੁਰਦੁਆਰੇ ਦੇ ਇਤਿਹਾਸਕ ਮਹੱਤਵ ਤੋਂ ਜਾਣੂ ਹੋ ਸਕਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮਾਝਾ ਖੇਤਰ ਨਾਲ ਸਬੰਧਤ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਦੀ ਬੇਹਤਰੀ ਲਈ ਸੁਝਾਅ ਦਿੱਤੇ।

Share This Article
Leave a Comment