ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ।
ਬੀਤੀ ਰਾਤ ਈਡੀ ਵੱਲੋਂ ਗੈਰਕਾਨੂੰਨੀ ਮਾਈਨਿੰਗ ਮਾਮਲੇ ਵਿਚ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੋਣਾਂ ਤੋਂ ਐਨ ਪਹਿਲਾਂ ਭੁਪਿੰਦਰ ਹਨੀ ਦੀ ਗ੍ਰਿਫ਼ਤਾਰੀ ਨੇ ਪੰਜਾਬ ਕਾਂਗਰਸ ਨੂੰ ਸ਼ੱਕ ਘੇਰੇ ਵਿੱਚ ਖੜਾ ਕਰ ਦਿੱਤਾ ਹੈ।
ਅਕਾਲੀ ਦਲ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਤਾਂ ਇਸ ‘ਤੇ ਹੁਣ ਕਾਂਗਰਸ ਨੇ ਵੀ ਸਫ਼ਾਈ ਦਿੱਤੀ ਹੈ। ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਈਡੀ ਦੀ ਕਾਰਵਾਈ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ।
ਰਵਨੀਤ ਸਿੰਘ ਬਿੱਟੂ ਨੇ ਈਡੀ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਈਡੀ ਵੱਲੋਂ ਇੱਕ ਨੌਜਵਾਨ ਨੂੰ 8-8 ਘੰਟੇ ਇੰਟੈਰੋਗੇਟ ਕੀਤਾ ਜਾਂਦਾ ਹੈ ਅਤੇ ਉਸ ਕੋਲੋਂ ਕੁਝ ਵੀ ਉਗਲਵਾਇਆਂ ਜਾ ਸਕਦਾ ਹੈ। ਪੰਜਾਬ ‘ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਹ ਕਿਸਾਨ ਅੰਦੋਲਨ ਲਈ ਬਦਲਾ ਪੰਜਾਬ ਨਾਲ ਲਿਆ ਜਾ ਰਿਹਾ ਹੈ। ਭਾਜਪਾ ਨੂੰ ਆਪਣਾ ਨਾਂ ਬਦਲ ਕੇ ਈਡੀ ਜਾਂ ਸੀਬੀਆਈ ਰੱਖ ਲੈਣਾ ਚਾਹੀਦਾ ਹੈ।
ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ 6 ਫਰਵਰੀ ਨੂੰ ਫੇਰੀ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਸਾਰੀ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਵਰਚੂਅਲ ਰੈਲੀ ਰਹੇਗੀ। ਜਿਸ ਦੌਰਾਨ ਵਰਕਰਾਂ ਦੀ ਮੰਗ ‘ਤੇ ਪੰਜਾਬ ਲਈ ਮੁੱਖ ਮੰਤਰੀ ਚੇਹਰੇ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਨਿੰਦਾ ਵੀ ਕੀਤੀ। ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਐੱਮ ਪੀ ਹਨ ਜਿਹੜੇ ਖੁਦ ਵੀ ਵਿਧਾਇਕ ਦੀ ਚੋਣ ਲੜ ਰਹੇ ਹਨ, ਕੀ ਉਹ ਵੀ ਡੰਡੋਤ ਕਰਕੇ ਲੋਕਾਂ ਤੋਂ ਵੋਟ ਮੰਗਣਗੇ?