ਦਿੱਲੀ – ‘ਰੋਡਰੇਜ਼’ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਹਾਲ ਦੀ ਘੜੀ ਰਾਹਤ ਮਿਲ ਗਈ ਹੈ। ਤਕਰੀਬਨ 32 ਵਰ੍ਹੇ ਪੁਰਾਣੇ ਇਸ ਕੇਸ ਵਿੱਚ ਅੱਜ ਸੁਪਰੀਮ ਕੋਰਟ ਚ ਰੀਵਿਊ ਪਟੀਸ਼ਨ ਤੇ ਸੁਣਵਾਈ ਸੀ। ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ 25 ਫਰਵਰੀ ਨੂੰ ਹੋਵੇਗੀ।
ਸੁਪਰੀਮ ਕੋਰਟ ‘ਚ ਇਹ ਮਾਮਲਾ ਸਪੈਸ਼ਲ ਬੈਂਚ ਜਸਟਿਸ ਏ ਐਮ ਖਾਨਵਿਲਕਰ ਤੇ ਐੱਸ ਕੇ ਪਾਲ ਦੀ ਅਦਾਲਤ ਵਿੱਚ ਸੁਣਵਾਈ ਲਈ ਆਇਆ ਜਿਸ ਤੇ ਨਵਜੋਤ ਸਿੱਧੂ ਦੇ ਵਕੀਲ ਵੱਲੋਂ ਅਗਲੀ ਤਰੀਕ ਦੀ ਬੇਨਤੀ ਕੀਤੀ ਗਈ ਸੀ।
ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੀਨੀਅਰ ਵਕੀਲ ਪੀ ਚਿਦੰਬਰਮ ਅਦਾਲਤ ਚ ਪੇਸ਼ ਹੋਏ ਤੇ ਉਨ੍ਹਾਂ ਨੇ ਗੁਹਾਰ ਲਗਾਈ ਕਿ ਇਸ ਮਾਮਲੇ ਦੀ ਸੁਣਵਾਈ 23 ਫਰਵਰੀ ਨੂੰ ਕੀਤੀ ਜਾਵੇ। ਜਿਸ ਦੇ ਮੱਦੇਨਜ਼ਰ ਸਪੈਸ਼ਲ ਬੈਂਚ ਨੇ ਇਸ ਮਾਮਲੇ ਦੀ ਅਗਲੀ ਤਾਰੀਕ 25 ਫ਼ਰਵਰੀ ਮੁਕੱਰਰ ਕੀਤੀ ਹੈ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਹਨ। ਪੰਜਾਬ ਵਿੱਚ ਚੋਣਾਂ ਦੀ ਤਾਰੀਕ 20 ਫਰਵਰੀ ਲਈ ਤੈਅ ਕੀਤੀ ਗਈ ਹੈ।