ਚੰਡੀਗੜ੍ਹ- ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਲਈ ਆਪਣੀ ਆਖ਼ਰੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਅੱਠ ਉਮੀਦਵਾਰਾਂ ਦੇ ਨਾਮ ਅੱਜ ਐਲਾਨੇ ਗਏ ਹਨ। ਇਸ ਸੂਚੀ ਵਿੱਚ ਸਭ ਤੋਂ ਅਹਿਮ ਨਾਮ ਚਰਨਜੀਤ ਸਿੰਘ ਚੰਨੀ ਦਾ ਹੈ, ਜੋ ਇਸ ਵਕਤ ਮੁੱਖ ਮੰਤਰੀ ਦੇ ਅਹੁਦੇ ‘ਤੇ ਹਨ। ਉਨ੍ਹਾਂ ਨੂੰ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਮੌਜੂਦਾ ਹਲਕਾ ਚਮਕੌਰ ਸਾਹਿਬ ਤੋਂ ਇਲਾਵਾ ਹਲਕਾ ਭਦੌੜ ਜ਼ਿਲ੍ਹਾ ਬਰਨਾਲਾ ਤੋਂ ਵੀ ਚੋਣ ਲੜਵਾਈ ਜਾ ਰਹੀ ਹੈ।
ਕਹਿਣ ਦਾ ਮਤਲਬ ਹੈ ਕਿ ਇਸ ਵਾਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਜੇ ਜਾਰੀ ਹੋਈ ਸੂਚੀ ‘ਤੇ ਗੌਰ ਕੀਤਾ ਜਾਵੇ ਤਾਂ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਦੱਸ ਦੇਈਏ ਕਿ ਵਿਸ਼ਨੂੰ ਸ਼ਰਮਾ ਹੁਣ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ‘ਚ ਟੱਕਰ ਦੇਣਗੇ। ਜਿਸ ਵਕਤ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ‘ਚ ਸਨ ਉਸ ਵੇਲੇ ਵਿਸ਼ਨੂੰ ਸ਼ਰਮਾ ਕੈਪਟਨ ਦੇ ਸਭ ਤੋਂ ਨੇੜਲਿਆਂ ਚੋਂ ਮੰਨੇ ਜਾਂਦੇ ਰਹੇ ਹਨ।
ਵਿਸ਼ਨੂੰ ਸ਼ਰਮਾ ਪਟਿਆਲਾ ਦੇ ਸਾਬਕਾ ਮੇਅਰ ਵੀ ਰਹਿ ਚੁੱਕੇ ਹਨ। ਉਮੀਦਵਾਰਾਂ ਦੀ ਸੂਚੀ ਵਿੱਚ ਬਰਨਾਲਾ ਤੋਂ ਮਨੀਸ਼ ਬਾਂਸਲ ਦਾ ਨਾਮ ਹੈ ਜੋ ਸਾਬਕਾ ਮੰਤਰੀ ਪਵਨ ਬਾਂਸਲ ਦੇ ਪੁੱਤਰ ਹਨ। ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦੀ ਟਿਕਟ ਕੱਟੀ ਗਈ ਹੈ ਤੇ ਉਨ੍ਹਾਂ ਦੀ ਜਗ੍ਹਾ ‘ਤੇ ਸਤਬੀਰ ਸਿੰਘ ਸੈਣੀ ਨੂੰ ਟਿਕਟ ਦਿੱਤੀ ਗਈ ਹੈ।