ਸ਼ਬਦ ਵਿਚਾਰ -141
ਮਨ ਰੇ ਹਉਮੈ ਛੋਡਿ ਗੁਮਾਨੁ ॥ …
*ਡਾ. ਗੁਰਦੇਵ ਸਿੰਘ
ਮਨੁੱਖ ਜੀਵਨ ਭਰ ਵਿੱਚ ਕਈ ਤਰ੍ਹਾਂ ਦੇ ਭਰਮ ਪਾਲ ਲੈਦਾਂ ਹੈ। ਝੋਠੀ ਮੋਹ ਮਾਇਆ ਦੇ ਮਾਣ ਵਿੱਚ ਹਉਮੈ ਦਾ ਵੱਡੇ ਰਾਗ ਦੀ ਲਪੇਟ ਵਿੱਚ ਫਸ ਜਾਂਦਾ ਹੈ। ਗੁਰਬਾਣੀ ਸਾਨੂੰ ਇਸ ਵਾਰ ਵਾਰ ਚੇਤਾਰਦੀ ਹੈ ਸਾਨੂੰ ਇਸ ਹਊਮੈ ਰੋਗ ਤੋਂ ਬਚਣ ਦਾ ਮਾਰਗ ਵੀ ਰੁਸ਼ਨਾਉਂਦੀ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮਨ ਰੇ ਹਉਮੈ ਛੋਡਿ ਗੁਮਾਨੁ ॥” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 22’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 19ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਹਊਮੈ ਨੂੰ ਛੱਡਣ ਦਾ ਉਪਦੇਸ਼ ਦੇ ਰਹੇ ਹਨ:
ਸਿਰੀਰਾਗੁ ਮਹਲਾ ੧ ॥ ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
ਪਦ ਅਰਥ: ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲੋੁਭਾਨੁ = {ਅੱਖਰ ‘ਲ’ ਦੇ ਨਾਲ ਦੋ ਲਗਾਂ ਹਨ– ਅਤੇ ੍ਵ੍ਵ੍ਵ੍ਵ੍ਵ। ਅਸਲ ਲਫ਼ਜ਼ ‘ਲੋਭਾਨੁ’ ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ ੋ ਦੇ ਥਾਂ ੁ ਵਰਤ ਕੇ ‘ਲੁਭਾਨੁ’ ਪੜ੍ਹਨਾ ਹੈ}। ਸਬਦਿ = ਸ਼ਬਦ ਵਿਚ। ਨ ਭੀਜੈ = ਪਤੀਜਦਾ ਨਹੀਂ। ਸਾਕਤਾ = ਮਾਇਆ-ਵੇੜ੍ਹਿਆ। ਦੁਰਮਤਿ = ਭੈੜੀ ਮਤਿ ਦੇ ਕਾਰਨ। ਆਵਨੁ ਜਾਨੁ = ਜਨਮ ਮਰਨ ਦਾ ਗੇੜ। ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ।
ਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ।1।
ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥
ਸਰਵਰੁ = ਸ੍ਰੇਸ਼ਟ ਤਾਲਾਬ।1। ਰਹਾਉ।
ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ। ਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ। (ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤਿ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ।2।
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ। ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ। ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ।2।
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥ ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥
ਕੂਕਰ = ਕੁੱਤੇ। ਪਚੈ = ਖ਼ੁਆਰ ਹੁੰਦਾ ਹੈ। ਪਚੈ ਪਚਾਨੁ = ਹਰ ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਹੈ। ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ। ਸੁਭਾਨੁ = ਸੁਬਹਾਨ, ਅਚਰਜ।3।
ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ। ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ।
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥ ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥
ਐਥੈ = ਇਸ ਲੋਕ ਵਿਚ, ਇਸ ਜਨਮ ਵਿਚ। ਧੰਧੁ = ਜੰਜਾਲ। ਧੰਧੁ ਪਿਟਾਈਐ = ਦੁਨੀਆ ਦੇ ਜੰਜਾਲਾਂ ਵਿਚ ਹੀ ਖਚਿਤ ਰਹੀਦਾ ਹੈ। ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ।4।
(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ। ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ) , ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ। ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ।4।19।
ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।