ਸਰੀ: ਮੇਅਰ ਚੋਣਾਂ ਬੇਸ਼ੱਕ ਅਕਤੂਬਰ ‘ਚ ਹਨ ਪਰ ਮਾਹੌਲ ਜਿਨਾਂ ਗਰਮ ਹੋ ਚੁੱਕਿਆ ਹੈ ਉਸ ਤੋਂ ਤਾਂ ਲਗਦਾ ਹੈ ਕਿ ਚੋਣਾਂ ਸ਼ਾਇਦ ਜਲਦੀ ਹੋਣ ਜਾ ਰਹੀਆਂ ਹਨ। ਇਹ ਗਹਿਮਾ ਗਹਿਮੀ ਸ਼ੁਰੂ ਵੀ ਉਦੋਂ ਹੋਈ ਜਦੋਂ ਪੰਜਾਬੀ ਸਿਆਸਤਦਾਨਾਂ ਦੇ ਚੋਣ ਲੜਨ ਲਈ ਨਾਂਮ ਸਾਹਮਣੇ ਆਏ, ਜਿਨਾਂ ‘ਚ ਸਭ ਤੋਂ ਮੋਹਰੀ ਤੌਰ ਤੇ ਭੂਮਿਕਾ ਨਿਭਾਉਂਣ ਲਈ ਐਮਪੀ ਸੁੱਖ ਧਾਲੀਵਾਲ ਦਾ ਨਾਮ ਸਾਹਮਣੇ ਆ ਰਿਹਾ ਹੈ।
ਇਸ ਸਬੰਧੀ ਬੋਲਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਤੱਕ ਪਹੁੰਚ ਕਰਕੇ ਮੇਅਰ ਦੀ ਚੋਣ ਲੜਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਮੈਂ ਇਸ ਬਾਰੇ ਵਿਚਾਰ ਜ਼ਰੂਰ ਕਰ ਰਿਹਾ ਹਾਂ ਪਰ ਇਸ ਸਬੰਧੀ ਹਾਲੇ ਫਾਈਨਲ ਫ਼ੈਸਲਾ ਨਹੀਂ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਚੈਲੇਂਜ ਕਬੂਲ ਕੀਤਾ ਹੈ ਤੇ ਮੇਰਾ ਸਿਆਸਤ ‘ਚ ਆਉਣ ਦਾ ਇੱਕੋ ਹੀ ਮਨੋਰਥ ਸੀ ਕਿ ਮੈਂ ਲੋਕ ਸੇਵਾ ਕਰਨੀ ਹੈ ਤੇ ਮੈਂ ਐਮਪੀ ਵਜੋਂ ਵੀ ਬਹੁਤ ਮਿਹਨਤ ਕਰ ਰਿਹਾ ਹਾਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਅਕਤੂਬਰ ਤੱਕ ਦਾ ਸਮਾਂ ਬਹੁਤ ਲੰਬਾ ਹੈ , ਜਿਸ ਕਾਰਨ ਇਹ ਦੱਸਣਾ ਵੀ ਮੁਸ਼ਕਿਲ ਹੋਵੇਗਾ ਕਿ ਮੈਂ ਕਦੋਂ ਲੋਕਾਂ ਨੂੰ ਦੱਸ ਸਕਾਂਗਾ ਕਿ ਕਿ ਮੈਂ ਚੋਣਾਂ ‘ਚ ਲੜਾਂਗਾ ਜਾਂ ਨਹੀਂ। ਧਾਲੀਵਾਲ ਨੇ ਕਿਹਾ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਲੋਕਾਂ ਵੱਲੋਂ ਮੈਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਮੈਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਵੀ ਕਰ ਰਿਹਾ ਹਾਂ।