ਅਫਗਾਨਿਸਤਾਨ- ਇੱਕ ਪਾਸੇ ਅਫਗਾਨਿਸਤਾਨ ਦੇ ਲੋਕ ਤਾਲਿਬਾਨ ਦੇ ਬੇਰਹਿਮ ਸ਼ਾਸਨ ਦਾ ਸਾਹਮਣਾ ਕਰ ਰਹੇ ਹਨ, ਦੂਜੇ ਪਾਸੇ ਉਹ ਹੁਣ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਝੱਲ ਰਹੇ ਹਨ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ਦੇ ਕਈ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 76 ਲੋਕ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਕ ਦੇਸ਼ ਦੇ 90 ਫੀਸਦੀ ਖੇਤਰ ਨੂੰ ਬਰਫਬਾਰੀ ਜਾਂ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ।
ਦਰਅਸਲ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਆਫਤ ਪ੍ਰਬੰਧਨ ਮਾਮਲਿਆਂ ਦੇ ਰਾਜ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਦੇ 15 ਸੂਬਿਆਂ ‘ਚ ਭਾਰੀ ਬਰਫਬਾਰੀ ਕਾਰਨ 42 ਲੋਕ ਮਾਰੇ ਗਏ ਅਤੇ 76 ਜ਼ਖਮੀ ਹੋ ਗਏ। ਰਾਜ ਮੰਤਰਾਲੇ ਨੇ ਅੱਗੇ ਕਿਹਾ ਕਿ ਪਿਛਲੇ 20 ਦਿਨਾਂ ਵਿੱਚ ਅਫਗਾਨਿਸਤਾਨ ਵਿੱਚ 2000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਭਾਰੀ ਬਰਫ਼ਬਾਰੀ ਅਤੇ ਮੀਂਹ ਨੇ ਕਈ ਹਾਈਵੇਅ ਵੀ ਬੰਦ ਕਰ ਦਿੱਤੇ ਹਨ ਅਤੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਵਿੱਚ ਵੀ ਵਿਘਨ ਪਿਆ ਹੈ।
ਆਫ਼ਤ ਪ੍ਰਬੰਧਨ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੁਸਾਰ, ਪ੍ਰਭਾਵਤ ਲੋਕਾਂ ਤੱਕ ਐਮਰਜੈਂਸੀ ਸਹਾਇਤਾ ਵਧਾ ਦਿੱਤੀ ਗਈ ਹੈ ਅਤੇ ਉਹ ਹੋਰ ਬਿਪਤਾ ਨੂੰ ਰੋਕਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਦੌਰਾਨ ਮੰਤਰਾਲੇ ਦੇ ਡਿਪਟੀ ਇਨਾਇਤੁੱਲਾ ਸ਼ੁਜਾ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਕਾਰਨ ਕਈ ਰਾਜਮਾਰਗਾਂ ‘ਤੇ ਫਸੇ ਸੈਂਕੜੇ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਸ਼ੁਜਾ ਨੇ ਅੱਗੇ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਵੱਖ-ਵੱਖ ਸਹਾਇਤਾ ਏਜੰਸੀਆਂ ਨਾਲ ਕੰਮ ਕਰ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿਚ, ਪੱਛਮੀ ਬਦਘਿਸ ਸੂਬੇ ਵਿੱਚ ਆਏ ਦੋ ਭੂਚਾਲਾਂ ਵਿੱਚ 28 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1,000 ਘਰ ਤਬਾਹ ਹੋ ਗਏ ਸਨ। ਠੰਢ ਅਤੇ ਭਾਰੀ ਬਰਫ਼ਬਾਰੀ ਨੇ ਬੇਰੁਜ਼ਗਾਰੀ, ਭੁੱਖਮਰੀ ਅਤੇ ਸੋਕੇ ਕਾਰਨ ਅਫ਼ਗਾਨਿਸਤਾਨ ਦੇ ਮਨੁੱਖੀ ਸੰਕਟ ਨੂੰ ਹੋਰ ਵਧਾ ਦਿੱਤਾ ਹੈ।