ਟੋਰਾਂਟੋ: ਸਰਕਾਰੀ ਰਕਮ ਹੜੱਪਣ ਦੇ ਮਾਮਲੇ ‘ਚ ਨੌਕਰੀ ਤੋਂ ਬਰਖ਼ਾਸਤ ਸੰਜੇ ਮਦਾਨ ਨੂੰ ਕਾਨੂੰਨੀ ਖਰਚੇ ਵਜੋਂ 1.5 ਲੱਖ ਡਾਲਰ ਦੀ ਰਕਮ ਮਿਲੇਗੀ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਪੀਟਰ ਕੰਵੇਨਾ ਵੱਲੋਂ ਸੰਜੇ ਮਦਾਨ ਦੇ ਹੱਕ ‘ਚ ਫ਼ੈਸਲਾ ਸੁਣਾਇਆ ਗਿਆ ਹੈ।
ਅਦਾਲਤ ਨੇ ਇਹ ਹੁਕਮ ਬਚਾਅ ਪੱਖ ਦੇ ਵਕੀਲ ਵੱਲੋਂ ਪੇਸ਼ ਦਲੀਲ ਜਿਸ ‘ਚ ਕਿਹਾ ਗਿਆ ਸੀ ਕਿ ਸਰਕਾਰ ਗ਼ੈਰਜ਼ਰੂਰੀ ਤੌਰ ‘ਤੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਸਰਕਾਰੀ ਪੈਸੇ ‘ਤੇ ਅਦਾਲਤ ਦੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਹੋਰ ਕੁਝ ਨਹੀਂ।
ਦੱਸਣਯੋਗ ਹੈ ਕਿ ਸੰਜੇ ਮਦਾਨ ਅਤੇ ਸ਼ਾਲਿਨੀ ਮਦਾਨ ਦੇ ਸਾਥੀ ਦੱਸੇ ਜਾ ਰਹੇ ਵਿਧਾਨ ਸਿੰਘ ਨੂੰ ਵੀ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਵਿਧਾਨ ਸਿੰਘ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਸਨ। ਇਸ ਤੋਂ ਪਹਿਲਾਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸੋਮਵਾਰ ਨੂੰ 56 ਸਾਲ ਦੇ ਸੰਜੇ ਮਦਾਨ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਰਕਮ ਆਪਣੇ ਕੋਲ ਰੱਖਣ ਦੇ ਦੋਸ਼ ਆਇਦ ਕੀਤੇ ਸਨ।