ਲੇਖਕ – ਬਿੰਦੂ ਸਿੰਘ
ਭਾਰਤੀ ਲੋਕਤੰਤਰ ਚ ਚੋਣਾਂ ਦਾ ਇਕ ਆਪਣਾ ਥਾਂ ਹੈ । ਭਾਵੇਂ ਫਿਰ ਚੋਣਾਂ ਐੱਮਪੀ ਦੀਆਂ ਹੋਣ , ਐਮ ਐਲ ਏ ਜਾਂ ਫੇਰ ਐਮ ਸੀ ਦੀਆਂ। ਮਾਹੌਲ ਇਸ ਤਰੀਕੇ ਦਾ ਹੋ ਜਾਂਦਾ ਹੈ ਜਿਵੇਂ ਕੋਈ ਮੇਲਾ ਜਾਂ ਤਿਉਹਾਰ ਹੋਵੇ । 2017 ਵਿਧਾਨ ਸਭਾ ਚੋਣਾਂ ਤੱਕ ਮਾਹੌਲ ਅਜਿਹਾ ਹੀ ਦਿਖਾਈ ਦਿੰਦਾ ਸੀ ਪਰ ਯਕੀਨਨ ਚੋਣਾਂ 2022 ਦਾ ਮਹੌਲ ਵੱਖ ਹੈ ।
ਕੋਰੋਨਾ ਨੇ ਜਿੱਥੇ ਜ਼ਿੰਦਗੀ ਦੀ ਚਾਲ ਢਾਲ ‘ਚ ਫ਼ਰਕ ਪਾਇਆ ਹੈ ਉਸੇ ਤਰਜ਼ ਤੇ ਚੋਣਾਂ ਦੇ ਦਿਨਾਂ ਚ ਲੱਗਣ ਵਾਲੇ ‘ਸਿਆਸੀ ਮੇਲੇ’ ਇਸ ਵਾਰ ਫਿੱਕੇ ਰਹਿਣਗੇ । ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਰੈਲੀਆਂ , ਸਭਾਵਾਂ ਤੇ ਰੋਕ ਲੱਗਣ ਨਾਲ ਕਈ ਸਿਆਸੀ ਆਗੂਆਂ ਤੇ ਪਾਰਟੀਆਂ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਕੀਤੇ ਜਾਣ ਲਈ ਚੋਣ ਕਮਿਸ਼ਨ ਦੇ ਨੋਟਿਸ ਵੀ ਚਲੇ ਗਏ ਹਨ ਤੇ ਇਸ ਦਾ ਮੁੱਖ ਕਾਰਨ ਗਾਈਡਲਾਈਨ ਦੀ ਅਣਦੇਖੀ ਕਰਨਾ ਹੀ ਦੱਸਿਆ । ਪਿਛੱਲੇ ਵਰ੍ਹਿਆਂ ਤੋਂ ਸਿਆਸੀ ਲੋਕਾਂ ਨੂੰ ਸਟੇਜਾਂ , ਸਪੀਚਾਂ ਤੇ ਬਿਆਨਾਂ ਦੀ ਜਿਵੇਂ ਆਦਤ ਜਿਹੀ ਪੈ ਗਈ ਹੈ । ਫਿਰ ਉਸ ਤੋਂ ਵੀ ਵੱਧ ਕੇ , ਜੇਕਰ ਚੋਣਾਂ ਦਾ ਮਾਹੌਲ ਹੋਵੇ ਤੇ ਸਟੇਜਾਂ ਤੇ ਚੜ੍ਹ ਕੇ ਕਿਸੇ ਦੂਜੇ ਆਗੂ ਜਾਂ ਵਿਰੋਧੀ ਦੀ ਆਪਣੇ ਭਾਸ਼ਣਾਂ ਰਾਹੀਂ ਪਿੱਠ ਨਾ ਲਵਾਈ ਜਾਵੇ ਤਾਂ ਸ਼ਾਇਦ ‘ਮੁੱਛਾਂ ਨੂੰ ਤਾਅ’ ਦੇਣ ਦਾ ਕੋਈ ਫਾਇਦਾ ਨਹੀਂ ਜਾਪਦਾ । ਫਿਰ ਜੇ ਕਿਸੇ ਵੱਡੇ ਲੀਡਰ ਨੇ ਰੈਲੀ ‘ਚ ਆਉਣਾ ਹੋਵੇ ਤਾਂ ਪਾਰਟੀ ਦੇ ਦੂਜੀ ਕਤਾਰ ਦੇ ਆਗੂ ਤੇ ਵਰਕਰ ਆਈ ਲੋਕਾਂ ਦੀ ਭੀੜ ਨੂੰ ਬਿਠਾਈ ਤੇ ਟਿਕਾਈ ਰੱਖਣ ਲਈ ਅਖਾੜੇ ਲਾਉਣ ਵਾਲੇ ਕਲਾਕਾਰਾਂ ਤੇ ਗਾਇਕਾਂ ਨੂੰ ਵੀ ਰੈਲੀ ਦਾ ਹਿੱਸਾ ਬਣਾਉਂਦੇ ਰਹੇ ਹਨ । ਪਰ ਇਸ ਵਾਰ ਅਜਿਹੀਆਂ ਰੌਣਕਾਂ ਵੀ ਵੇਖਣ ਨੂੰ ਨਹੀਂ ਮਿਲ ਰਹੀਆਂ । ਸਿਆਸੀ ਲੀਡਰਾਂ ਚੋਂ ਕੁਝ ਕੁ ਨੇ ਤਰਕ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਚੋਣਾਂ ‘ਚ ਇਸ ਤਰੀਕੇ ਦੇ ਨਾਲ ਸਾਰੇ ਵੋਟਰਾਂ ਤੱਕ ਪਹੁੰਚ ਕਰਨਾ ਔਖਾ ਕੰਮ ਹੈ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅੱਗੇ ਇਸ ਵਾਰ ਕਿਸੇ ਦਾ ਵੱਸ ਚੱਲ ਨਹੀਂ ਰਿਹਾ । ਜੇਕਰ ਇਸ ਮਾਮਲੇ ਤੇ ਮਾਹਿਰਾਂ ਦੀ ਗੱਲ ਕੀਤੀ ਜਾਵੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਰੈਲੀਆਂ ਤੇ ਸਪੀਚਾਂ ਦਾ ਸ਼ੋਰ , ਲੋਕਾਂ ਨੂੰ ਭਰਮਾਉਣ ਦੇ ਤਰੀਕੇ ਤੇ ਖ਼ਾਸ ਤੌਰ ਤੇ ਹੋਣ ਵਾਲੇ ਭ੍ਰਿਸ਼ਟਾਚਾਰ ਤੇ ਵਾਧੂ ਖ਼ਰਚ ਤੇ ਲਗਾਮ ਲਾਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ । ਸਾਬਕਾ ਚੋਣ ਅਧਿਕਾਰੀ ਰਹਿ ਚੁੱਕੇ ਟੀ ਐੱਨ ਸੇਸ਼ਨ ਨੇ ਜ਼ਰੂਰ ਆਪਣੇ ਕਾਰਜਕਾਲ ਦੌਰਾਨ ਅਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫੇਰ ਤੋਂ ਵੱਡੇ ਇਕੱਠ , ਰੈਲੀਆਂ ਦਾ ਚੋਣਾਂ ਚ ਮਾਹੌਲ ਆਮ ਹੋ ਗਿਆ ਸੀ ।
ਅੱਜ ਸੱਚ ਯਾਦ ਆਇਆ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਕਰੀਬਨ ਆਪਣੀ ਹਰ ਇੰਟਰਵਿਊ ‘ਚ ਇੱਕ ਗੱਲ ਜ਼ਰੂਰ ਕਹੀ ਹੈ ਕਿ ਉਹ ਜਿਸ ਪਰਿਵਾਰ ਤੋਂ ਆਉਂਦੇ ਹਨ ਉਨ੍ਹਾਂ ਦਾ ਟੈਂਟ ਦਾ ਕੰਮ ਸੀ ਤੇ ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ‘ਚ ਟੈਂਟ ਵੀ ਲਾਏ ਹਨ । ਹੁਣ ਕਈ ਲੋਕਾਂ ਲਈ ਉਹ ਚਾਨਣ ਮੁਨਾਰਾ ਵੀ ਹੋ ਸਕਦੇ ਹਨ ਤੇ ਕਈਆਂ ਨੇ ਮਨਾਂ ਵਿਚ ਕਈ ਸੁਫ਼ਨੇ ਵੀ ਜ਼ਰੂਰ ਲੈ ਲਏ ਹੋਣਗੇ । ਪਰ ਪਾਬੰਦੀਆਂ ਦੇ ਚੱਲਦੇ ਸ਼ਾਮਿਆਨਿਆਂ ਤੇ ਟੈਂਟਾਂ ਲਾਉਣ ਤੇ ਰੈਲੀਆਂ ਸਜਾਉਣ ਦਾ ਕੰਮ ਵੀ ਕਿਤੇ ਵਿੱਚੇ ਰਹਿ ਗਿਆ । ਕਿਹਾ ਜਾਂਦਾ ਹੈ ਕਿ ਪਿਛਲੇ ਦਿਨੀਂ ਖਾਲੀ ਕੁਰਸੀਆਂ ਵਾਲੀ ਸਭਾ ਚ ‘ਰਾਜਾ ਸਾਹਿਬ’ ਤਾਂ ਫੇਰ ਸਟੇਜ ਤੇ ਚੜ੍ਹ ਕੇ ਕੁਝ ਗੱਲਾਂ ਬਾਤਾਂ ਕਰ ਰਹੇ ਸਨ ਪਰ ‘ਪ੍ਰਧਾਨ ਸੇਵਕ ਸਾਹਿਬ’ ਨੂੰ ਵਾਪਸ ਮੁੜਨਾ ਪਿਆ , ਕਹਿੰਦੇ ਕੁਝ ਮੁਜ਼ਾਹਰਾ ਕਰਨ ਵਾਲੇ ਲੋਕਾਂ ਤੇ ਉਨ੍ਹਾਂ ਦੇ ਆਪਣੀ ਹੀ ਪਾਰਟੀ ਦੇ ਲੋਕਾਂ ਨੇ ਸੜਕੀ ਰਾਹ ਰੋਕਿਆ ਹੋਇਆ ਸੀ ।
ਇਸ ‘ਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਸਿਆਸੀ ਮਾਹੌਲ ਪਹਿਲੇ ਵਰਗਾ ਨਹੀਂ ਹੈ ਪਰ ਇਸ ਸਭ ਦੇ ਬਾਵਜੂਦ ਪਾਰਟੀਆਂ ਅੱਗੇ ‘ਆਖ਼ਰੀ ਵੋਟਰ’ ਤਕ ਪਹੁੰਚਣ ਦੀ ਜੱਦੋ ਜਹਿਦ ਇਸ ਵਾਰ ਪਹਿਲਾਂ ਨਾਲੋਂ ਕੁਝ ਜ਼ਿਆਦਾ ਹੋਵੇਗੀ ਤੇ ਪੱਬਾਂ ਭਾਰ ਹੋ ਕੇ ਕੁੱਲ ਪੰਜ ਬੰਦਿਆਂ ਦੀ ਟੀਮ ਨਾਲ ਘਰੋਂ ਘਰੀ ਫਿਰਨਾ ਪਵੇਗਾ।
ਕਹਿੰਦੇ ਕਿ ਸਮਾਂ ਬੜਾ ਬਲਵਾਨ ਹੈ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਵਰਗਾਂ ਦੇ ਲੋਕ ਸੜਕਾਂ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਮੁਜ਼ਾਹਰਿਆਂ ਤੇ ਬੈਠੇ ਵਿਖਾਈ ਦਿੰਦੇ ਰਹੇ ਹਨ । ਲੋਕਾਂ ਨੂੰ ਤਾਂ ਹੁਣ ਇੰਜ ਲੱਗਣ ਲੱਗ ਪਿਆ ਹੈ ਕਿ ਸ਼ਾਇਦ ਉਨ੍ਹਾਂ ਦੀ ਸੁਣਵਾਈ ਹੋਣੀ ਹੁਣ ਔਖੀ ਹੈ ਕਿਉਂਕਿ ਜਦੋਂ ਉਹ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਧਿਰ ਬਣ ਕੇ ਸੜਕਾਂ ਤੇ ਆਏ ਤੇ ਸਮੇਂ ਦੀ ਸੱਤਾ ਧਿਰ ਨੇ ਉਨ੍ਹਾਂ ਤੇ ਡਾਂਗਾਂ ਵਰ੍ਹਾਈਆਂ ਤੇ ਇਸ ਨਾਲ ਹੀ ਅੱਥਰੂ ਗੈਸ ਦੇ ਗੋਲੇ , ਪਾਣੀ ਦੀਆਂ ਵਾਛੜਾਂ ਤੇ ਫਿਰ ਵੀ ਨਾ ਉਮੀਦੀ ਸਭ ਕੁਝ ਲਿਆ।
ਪਰ ਇਸ ਵਾਰ ਲੱਗਦਾ ਹੈ ਕੀ ਸਿਆਸੀ ਪਾਰਟੀਆਂ ਦੇ ਲੀਡਰ ਕੁਝ ਤਾਂ ਆਪ ਤੇ ਕੁਝ ਇੱਕ ਦੂਜੇ ਨੂੰ ਹੀ ਉਲਝਾਈ ਫਿਰਦੇ ਹਨ । ਚੋਣਾਂ ਦੇ ਆਸਪਾਸ ਸਿਆਸਤਦਾਨਾਂ ਵੱਲੋਂ ‘ਡੱਡੂ ਛਡ਼ੱਪੇ’ ਮਾਰ ਇਕ ਪਾਰਟੀ ਤੋਂ ਦੂਜੀ ਪਾਰਟੀ ‘ਚ ਸ਼ਾਮਲ ਹੋਣਾ ਵੈਸੇ ਤਾਂ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਕਈ ਲੀਡਰਾਂ ਨੂੰ ਆਪਣੇ ਹੀ ਪੈਰਾਂ ਦਾ ਨਹੀਂ ਪਤਾ ਕਿ ਕਿੱਧਰ ਨੂੰ ਤੁਰ ਪੈਣ । ਕਈ ਤਾਂ ਸਵੇਰੇ ਇਕ ਪਾਰਟੀ ਛੱਡ ਕੇ ਦੂਜੀ ‘ਚ ਗੇੜਾ ਜਿਹਾ ਕੱਟ ਕੇ ਸ਼ਾਮੀਂ ਫਿਰ ਪਹਿਲੀ ਪਾਰਟੀ ‘ਚ ਵਾਪਸ ਤੁਰੇ ਆਉਂਦੇ ਵੇਖੇ ਜਾ ਸਕਦੇ ਹਨ।
ਟੈਂਟਾਂ ਤੇ ਤੰਬੂਆਂ ‘ਚ ਸਾਲ ਭਰ ਰਹਿਣ ਦਾ ਤਾਜ਼ਾ ਤਜਰਬਾ ਕਿਸਾਨ ਸੰਘਰਸ਼ ‘ਚ ਜਥੇਬੰਦੀਆਂ ਦੇ ਆਗੂਆਂ ਨੂੰ ਹੋਇਆ ਪਰ ਬਹੁਤਾ ਕਰਕੇ ਉੱਥੇ ਵੀ ਮੀਂਹ ਕਣੀ ਹਨ੍ਹੇਰੀ ਤੇ ਗਰਮੀ ਸਰਦੀ ਦੀਆਂ ਰੁੱਤਾਂ ਦੀ ਮਾਰ ਨੂੰ ਸਹਿਣ ਦਾ ਵੱਡਾ ਹਿੱਸਾ ਲੋਕ ਹੀ ਸਨ ਜੋ ਆਪਣੇ ਘਰਾਂ ਨੂੰ ਛੱਡ ਕੇ ਸੰਘਰਸ਼ ਵਿੱਚ ਜਾ ਬੈਠੇ ਸਨ । ਹੁਣ ਸੰਘਰਸ਼ੀ ਕਿਸਾਨ ਲੀਡਰਾਂ ਚੋਂ ਵੱਡੀ ਗਿਣਤੀ ‘ਚ ਜਥੇਬੰਦੀਆਂ ਨੇ ਚੋਣਾਂ ‘ਚ ਵੀ ਮੋਰਚਾ ਮਾਰਨ ਦਾ ਮਨ ਬਣਾਇਆ ਹੈ । ਕਿਸਾਨਾਂ ਵਾਲੀ ਪਾਰਟੀ ਦੀ ਪਹਿਲੀ ਲਿਸਟ ਆ ਗਈ ਹੈ ਦੂਜੀ ਦਾ ਤਕਰੀਬਨ ਕੁੱਲ ਦੁਨੀਆਂ ਨੂੰ ਇੰਤਜ਼ਾਰ ਵੀ ਹੈ।
ਉੱਧਰ ਕਾਂਗਰਸ ਪਾਰਟੀ ਨੇ ਵੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਲੱਗਦਾ ਹੇੈ ਅੱਜ ਸ਼ਾਮ ਜਾਂ ਕੱਲ੍ਹ ਦੇ ਵਿੱਚ ਆਪਣੀ ਫਾਈਨਲ ਲਿਸਟ ਵੀ ਕੱਢ ਦੇਣਗੇ । ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਤਕਰੀਬਨ ਆਪਣੇ ਉਮੀਦਵਾਰਾਂ ਦਾ ਐਲਾਨ ਪੂਰਾ ਕਰ ਲਿਆ ਹੈ ਤੇ ਦੋਵੇਂ ਪਾਰਟੀਆਂ ਚੋਣਾਂ ਦੇ ਐਲਾਨ ਤੋਂ ਬਹੁਤ ਚਿਰ ਪਹਿਲਾਂ ਤੋਂ ਹੀ ਆਪਣੇ ਉਮੀਦਵਾਰ ਐਲਾਨਣ ਚ ਲੱਗ ਗਈਆਂ ਸਨ । ਪਰ ਹਾਂ ! ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਸਵਾਲ ਜ਼ਰੂਰ ਚਰਚਾ ਚ ਆਇਆ ਹੈ ਕਿ 2017 ਦੀਆਂ ਚੋਣਾਂ ਚ ਅਸਲ ਚ ਆਮ ਆਦਮੀ ਚਾਹੇ ਉਹ ਛੋਟਾ ਦੁਕਾਨਦਾਰ ਹੋਵੇ , ਪੰਚਰ ਲਾਉਣ ਵਾਲਾ ਜਾਂ ਫੇਰ ਕੋਈ ਸਾਧਾਰਨ ਘਰ ਤੋਂ ਨੌਜਵਾਨ , ਇਹੋ ਜਿਹੇ ਲੋਕਾਂ ਨੂੰ ਹੀ ਟਿਕਟਾਂ ਦੇਣ ਦੀ ਜੁਗਤਬੰਦੀ ਕੀਤੀ ਸੀ । ਲੋਕਾਂ ਦੇ ਮਨਾਂ ਵਿੱਚ ਇਹ ਗੱਲ ਤਾਂ ਜ਼ਰੂਰ ਆ ਰਹੀ ਹੈ ਕੀ ਆਮ ਲੋਕਾਂ ਦੀ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ‘ਚ ਇਸ ਵਾਰ ਦੀਆਂ ਚੋਣਾਂ ‘ਚ 50 ਤੋ ਵੱਧ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਏ ਵਰਕਰ ਲੀਡਰ ਕਿਉਂ ਸ਼ਾਮਲ ਕਰਾਏ ਗਏ ਹਨ । ਉਧਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਕਿਸਾਨੀ ਸੰਘਰਸ਼ ‘ਚ ਮੋਹਰੀ ਦੀ ਭੂਮਿਕਾ ‘ਚ ਰਿਹਾ ਹੈ ਤੇ ਦਿੱਲੀ ਜਾ ਕੇ ਵਿਰੋਧ ਵੀ ਬੀਜੇਪੀ ਦਾ ਕੀਤਾ । ਪਰ ਜਦੋਂ ਪੰਜਾਬ ਦੀਆਂ ਚੋਣਾਂ ਦੀ ਗੱਲ ਆਈ ਤੇ ਕਈ ਸਿਆਸਤਦਾਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਪਾਰਟੀਆਂ ਨੇ ਟਿਕਟ ਨਹੀਂ ਦਿੱਤੀ ਉਹ ਇਕ ਤੋਂ ਬਾਅਦ ਇੱਕ ਬੀਜੇਪੀ ‘ਚ ਸ਼ਾਮਲ ਹੋ ਰਹੇ ਹਨ ।
ਇਨ੍ਹਾਂ ਸਾਰੀਆਂ ਗੱਲਾਂ ਦੇ ਵਿੱਚ ਲੋਕਾਂ ਦੇ ਮੁੱਦੇ ਕਿਹੜੀ ਪਾਰਟੀ ਹੱਲ ਕਰਾਉਣ ਦਾ ਦਮਖ਼ਮ ਭਰੇਗੀ ਤੇ ਕਿਹੜੇ ਆਗੂ ਦੇ ਸਿਰ ਤੇ ਮੁੱਖ ਮੰਤਰੀ ਦਾ ਤਾਜ ਸਜੇਗਾ ਇਹ ਤਾਂ ਅਜੇ ਪਰ੍ਹੇ ਦੀ ਗੱਲ ਹੈ । ਵੈਸੇ ਤਾਂ ਮੁਫਤ ਪਾਣੀ, ਮੁਫ਼ਤ ਬਿਜਲੀ, ਮੁਫ਼ਤ ਅਨਾਜ ਤੇ ਬੀਬੀਆਂ ਦੇ ਖਾਤਿਆਂ ‘ਚ ਪੈਸੇ ਪਾਉਣ ਦੀਆ ਦਾ ਬੇੜਾ ਅੱਗੇ ਤੋਂ ਅੱਗੇ ਹੋ ਕੇ ਪਾਰਟੀਆਂ ਨੇ ਚੁੱਕਿਆ ਹੈ ਜੇ ਇਹ ਵੀ ਇੱਕ ਢੰਗ ਤਰੀਕਾ ਹੈ ਇੱਕ ਦੂਜੇ ਦੀ ਪਿੱਠ ਲਾਉਣ ਦਾ ,ਇਸ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇੱਕ ਵਾਰ ਫੇਰ ਚੋਣਾਂ ਆ ਗਈਆਂ ਨੇ। ਪਰ ਹਾਲ ਫਿਲਹਾਲ ਟਿਕਟਾਂ ਮਿਲਣ ਜਾਂ ਕੱਟਣ ਦੀ ਟੁੱਟ ਭੱਜ ਤੇ ਉਸ ਤੋਂ ਬਾਅਦ ਫਿਰ ਕਾਗਜ਼ ਭਰਨ ਦੀ ਅਫ਼ਰਾ ਤਫ਼ਰੀ ਤੇ ਪਾਬੰਦੀਆਂ ਰਹਿੰਦੇ ਵੋਟਰਾਂ ਤੱਕ ਪਹੁੰਚਣ ਦਾ ਸਿਲਸਿਲਾ ਜਾਰੀ ਹੈ ਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਾਹਮਣੇ ਰੱਖ ਕੇ ਚੋਣਾਂ ਦੀਆਂ ਤਰੀਕਾਂ ਬਦਲਣ ਦੀ ਮੰਗ ਦਾ ਫ਼ੈਸਲਾ ਚੋਣ ਕਮਿਸ਼ਨ ਵੱਲੋਂ ਆ ਗਿਆ ਹੈ।