ਕੋਲਕਾਤਾ: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ‘ਚ ਰੇਲ ਹਾਦਸਾ ਵਾਪਰਿਆ ਹੈ। ਬੀਕਾਨੇਰ-ਗੁਹਾਟੀ ਐਕਸਪ੍ਰੈਸ ਟਰੇਨ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਇਸ ਟਰੇਨ ‘ਚ ਕੁੱਲ 24 ਡੱਬੇ ਸਨ, ਜਿਨ੍ਹਾਂ ‘ਚੋਂ ਕਰੀਬ 12 ਡੱਬੇ ਪ੍ਰਭਾਵਿਤ ਹੋਏ ਹਨ। ਇਹ ਘਟਨਾ ਮੋਯਨਾਗੁੜੀ ਪਾਰ ਕਰਨ ਤੋਂ ਬਾਅਦ ਵਾਪਰੀ। ਇਹ ਟਰੇਨ ਪਟਨਾ ਤੋਂ ਗੁਹਾਟੀ ਜਾ ਰਹੀ ਸੀ। ਅਲੀਪੁਰਦੁਆਰ ਦੇ ਡੀਆਰਐਮ, ਐਸਪੀ ਅਤੇ ਡੀਐਮ ਸਾਰੇ ਮੌਕੇ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਬਾਰੇ ਜਾਣਕਾਰੀ ਲੈਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫ਼ੋਨ ਕੀਤਾ। ਰੇਲਵੇ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਹੁਣ ਤੱਕ 20 ਲੋਕਾਂ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਹੈ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਗੱਡੀ ਦੇ ਡੱਬਿਆਂ ਤੋਂ ਕੱਢ ਕੇ ਸਥਾਨਕ ਹਸਪਤਾਲ ਭੇਜਿਆ ਜਾ ਰਿਹਾ ਹੈ।